ਰੇਲਵੇ ਸਟੇਸ਼ਨ ਨੇੜੇ ਬਣੀ 50 ਫੁੱਟ ਡੂੰਘੀ ਡਿੱਗੀ ’ਚ ਢੱਕਣ ਸਮੇਤ ਡਿੱਗਿਆ ਨੌਜਵਾਨ ਰੇਲਵੇ ਸਟੇਸ਼ਨ ਨੇੜੇ ਬਣੀ 50 ਫੁੱਟ ਡੂੰਘੀ ਡਿੱਗੀ ’ਚ ਢੱਕਣ ਸਮੇਤ ਡਿੱਗਿਆ ਨੌਜਵਾਨ
Publish Date: Sat, 17 Oct 2026 06:26 PM (IST)
Updated Date: Sat, 17 Oct 2026 06:27 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ਦੇ ਰੇਲਵੇ ਅੰਡਰਬ੍ਰਿਜ ਨੇੜੇ ਸ਼ਨੀਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇੱਕ ਨੌਜਵਾਨ ਅੰਡਰਬ੍ਰਿਜ ਦੇ ਪਾਣੀ ਦੀ ਨਿਕਾਸੀ ਲਈ ਬਣਾਈ ਗਈ ਕਰੀਬ 50 ਫੁੱਟ ਡੂੰਘੀ ਡਿੱਗੀ ਵਿੱਚ ਢੱਕਣ ਸਮੇਤ ਜਾ ਡਿੱਗਿਆ। ਨੌਜਵਾਨ ਦੇ ਡਿੱਗਣ ਦੀ ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਅਤੇ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ, ਜੀਆਰਪੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਦਸੇ ਦੌਰਾਨ ਉਸ ਦੀ ਬਾਂਹ ’ਤੇ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਮੌਕੇ ’ਤੇ ਮੌਜੂਦ ਰੋਹਿਤ ਕਟਾਰੀਆ ਨੇ ਦੱਸਿਆ ਕਿ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਇੱਕ ਨੌਜਵਾਨ ਪੈਦਲ ਅੰਡਰਬ੍ਰਿਜ ਦੇ ਪਾਣੀ ਨੂੰ ਇਕੱਠਾ ਕਰਨ ਲਈ ਬਣਾਈ ਗਈ ਡਿੱਗੀ ਦੇ ਉੱਪਰੋਂ ਲੰਘ ਰਿਹਾ ਸੀ। ਇਸੇ ਦੌਰਾਨ ਅਚਾਨਕ ਡਿੱਗੀ ਦਾ ਢੱਕਣ ਉਸ ਸਮੇਤ ਹੇਠਾਂ ਜਾ ਡਿੱਗਿਆ ਅਤੇ ਨੌਜਵਾਨ ਕਰੀਬ 50 ਫੁੱਟ ਡੂੰਘੀ ਡਿੱਗੀ ਵਿੱਚ ਜਾ ਡਿੱਗਿਆ। ਯਾਤਰੀਆਂ ਨੇ ਪੁਲਿਸ ਨੂੰ ਦਿੱਤੀ ਸੂਚਨਾ ਨੌਜਵਾਨ ਨੂੰ ਡਿੱਗੀ ਵਿੱਚ ਡਿੱਗਦਾ ਦੇਖ ਕੇ ਉੱਥੇ ਮੌਜੂਦ ਯਾਤਰੀਆਂ ਨੇ ਤੁਰੰਤ ਜੀਆਰਪੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਜੀਆਰਪੀ ਪੁਲਿਸ ਦੇ ਇੰਚਾਰਜ ਪ੍ਰਗਟ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਬਚਾਅ ਕਾਰਜ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਬੁਲਾਇਆ ਗਿਆ। ਨੌਜਵਾਨ ਨੂੰ ਬਾਹਰ ਕੱਢਣ ਲਈ ਡਿੱਗੀ ਵਿੱਚ ਪੌੜੀ ਲਗਾਈ ਗਈ। ਬਚਾਅ ਟੀਮ ਨੇ ਪੌੜੀ ਦੀ ਮਦਦ ਨਾਲ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਸਮੇਂ ਸਿਰ ਕੀਤੀ ਗਈ ਕਾਰਵਾਈ ਕਾਰਨ ਨੌਜਵਾਨ ਦੀ ਜਾਨ ਬਚ ਗਈ। ਇਲਾਜ ਤੋਂ ਬਾਅਦ ਨੌਜਵਾਨ ਤੋਂ ਕੀਤੀ ਜਾਵੇਗੀ ਪੁੱਛਗਿੱਛ ਜੀਆਰਪੀ ਪੁਲਿਸ ਦੇ ਇੰਚਾਰਜ ਪ੍ਰਗਟ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸਭ ਤੋਂ ਪਹਿਲੀ ਤਰਜੀਹ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢਣਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਪਛਾਣ ਅਤੇ ਉਹ ਕਿਨ੍ਹਾਂ ਹਾਲਾਤਾਂ ਵਿੱਚ ਡਿੱਗੀ ਵਿੱਚ ਡਿੱਗਿਆ, ਇਸ ਬਾਰੇ ਉਸ ਦੇ ਇਲਾਜ ਤੋਂ ਬਾਅਦ ਜਾਣਕਾਰੀ ਹਾਸਲ ਕੀਤੀ ਜਾਵੇਗੀ।