ਭੰਗਰਖੇੜਾ ’ਚ 26 ਲੱਖ ਦੀ ਲਾਗਤ ਨਾਲ ਬਣੇਗਾ ਖੇਡ ਮੈਦਾਨ : ਡਾ. ਡੋਡਾ ਭੰਗਰਖੇੜਾ ਵਿੱਚ 26 ਲੱਖ ਦੀ ਲਾਗਤ ਨਾਲ ਬਣੇਗਾ ਖੇਡ ਮੈਦਾਨ
Publish Date: Tue, 22 Sep 2026 03:53 PM (IST)
Updated Date: Tue, 22 Sep 2026 03:57 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਖੇਡ ਸਹੂਲਤਾਂ ਦੇ ਵਿਸਥਾਰ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪਿੰਡ ਭੰਗਰਖੇੜਾ ਵਿੱਚ ਨਵੇਂ ਖੇਡ ਮੈਦਾਨ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਗਈ। ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਡਾ. ਸੁਹਾਨੀ ਡੋਡਾ ਨੇ ਪਿੰਡ ਵਿੱਚ ਬਣਨ ਵਾਲੇ ਖੇਡ ਮੈਦਾਨ ਦਾ ਉਦਘਾਟਨ ਕੀਤਾ। ਇਸ ਖੇਡ ਮੈਦਾਨ ਦੇ ਨਿਰਮਾਣ ’ਤੇ ਕਰੀਬ 26 ਲੱਖ ਰੁਪਏ ਦੀ ਲਾਗਤ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਡਾ. ਸੁਹਾਨੀ ਡੋਡਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਖੇਡ ਮੈਦਾਨ ਬਣਨ ਨਾਲ ਸਥਾਨਕ ਨੌਜਵਾਨਾਂ ਅਤੇ ਬੱਚਿਆਂ ਨੂੰ ਵੱਖ-ਵੱਖ ਖੇਡਾਂ ਦੀ ਤਿਆਰੀ ਲਈ ਬਿਹਤਰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਦਾ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਨੌਜਵਾਨ ਕ੍ਰਿਕਟ, ਫੁੱਟਬਾਲ, ਵਾਲੀਬਾਲ ਸਮੇਤ ਹੋਰ ਖੇਡਾਂ ਵਿੱਚ ਭਾਗ ਲੈ ਸਕਣਗੇ। ਖੇਡਾਂ ਨਾਲ ਜੁੜਨ ਨਾਲ ਨੌਜਵਾਨਾਂ ਵਿੱਚ ਅਨੁਸ਼ਾਸਨ, ਮਿਹਨਤ ਅਤੇ ਟੀਮ ਭਾਵਨਾ ਵਿਕਸਤ ਹੁੰਦੀ ਹੈ। ਇਸ ਦੇ ਨਾਲ ਹੀ ਉਹ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾ ਕੇ ਖੇਡਾਂ ਦੇ ਖੇਤਰ ਵਿੱਚ ਅੱਗੇ ਵਧ ਸਕਦੇ ਹਨ। ਇਸ ਦੌਰਾਨ ਡਾ. ਸੁਹਾਨੀ ਡੋਡਾ ਨੇ ਪਿੰਡ ਦੇ ਖਿਡਾਰੀਆਂ ਨੂੰ ਵਾਲੀਬਾਲ, ਕ੍ਰਿਕਟ ਅਤੇ ਫੁੱਟਬਾਲ ਦੀਆਂ ਕਿੱਟਾਂ ਵੀ ਵੰਡੀਆਂ। ਖਿਡਾਰੀਆਂ ਨੇ ਖੇਡ ਸਮੱਗਰੀ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਅਭਿਆਸ ਕਰਨ ਵਿੱਚ ਮਦਦ ਮਿਲੇਗੀ। ਪਿੰਡ ਵਿੱਚ ਖੇਡ ਮੈਦਾਨ ਦੇ ਨਿਰਮਾਣ ਅਤੇ ਖੇਡ ਸਮੱਗਰੀ ਦੀ ਵੰਡ ਨੂੰ ਸਥਾਨਕ ਪੱਧਰ ’ਤੇ ਨੌਜਵਾਨਾਂ ਲਈ ਖੇਡ ਸਹੂਲਤਾਂ ਦੇ ਵਿਸਥਾਰ ਵੱਲ ਮਹੱਤਵਪੂਰਨ ਕਦਮ ਦੱਸਿਆ ਗਿਆ। ਇਸ ਮੌਕੇ ਪਿੰਡ ਵਾਸੀਆਂ ਅਤੇ ਖਿਡਾਰੀਆਂ ਨੇ ਖੇਡ ਸਹੂਲਤਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਲਈ ਸਬੰਧਤ ਵਿਭਾਗਾਂ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।