4 ਅਕਤੂਬਰ ਨੂੰ ਲੱਗੇਗਾ ਵਿਸ਼ਾਲ ਨੇਤਰ ਜਾਂਚ ਤੇ ‘ਫੈਕੋ’ ਆਪ੍ਰੇਸ਼ਨ ਕੈਂਪ 4 ਅਕਤੂਬਰ ਨੂੰ ਲੱਗੇਗਾ ਵਿਸ਼ਾਲ ਨੇਤਰ ਜਾਂਚ ਤੇ ਫੈਕੋ ਆਪਰੇਸ਼ਨ ਕੈਂਪ
Publish Date: Mon, 07 Sep 2026 03:58 PM (IST)
Updated Date: Mon, 07 Sep 2026 04:01 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਚਾਰ ਦਹਾਕੇ ਪੁਰਾਣੀ ਸੰਸਥਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਐਸ.ਵੀ.ਪੀ. ਕੈਨੇਡਾ ਦੇ ਸੰਚਾਲਕ ਅਤੇ ਮੂਲ ਰੂਪ ਵਿੱਚ ਫਾਜ਼ਿਲਕਾ ਵਾਸੀ ਮਧੂ ਸੂਦਨ ਸ਼ਰਮਾ ਦੇ ਸਹਿਯੋਗ ਨਾਲ 4 ਅਕਤੂਬਰ, ਐਤਵਾਰ ਨੂੰ ਦੁੱਖ ਨਿਵਾਰਣ ਸ੍ਰੀ ਬਾਲਾ ਜੀ ਧਾਮ ਵਿਖੇ ਵਿਸ਼ਾਲ ਮੁਫ਼ਤ ਨੇਤਰ ਜਾਂਚ ਤੇ ਫੈਕੋ ਆਪਰੇਸ਼ਨ ਕੈਂਪ ਲਗਾਇਆ ਜਾਵੇਗਾ। ਕੈਂਪ ਦੀਆਂ ਤਿਆਰੀਆਂ ਸਬੰਧੀ ਸੋਸਾਇਟੀ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਅਤੇ ਕੈਂਪ ਚੇਅਰਮੈਨ ਨਰੇਸ਼ ਜੁਨੇਜਾ ਨੇ ਦੱਸਿਆ ਕਿ ਕੈਂਪ ਦੁੱਖ ਨਿਵਾਰਣ ਬਾਲਾ ਜੀ ਧਾਮ ਮੰਦਰ ਕਮੇਟੀ ਦੇ ਪ੍ਰਧਾਨ ਮਹਾਵੀਰ ਪ੍ਰਸਾਦ ਮੋਦੀ ਦੀ ਦੇਖ-ਰੇਖ ਹੇਠ ਲਗਾਇਆ ਜਾਵੇਗਾ। ਸੰਦੀਪ ਅਨੇਜਾ ਨੇ ਦੱਸਿਆ ਕਿ ਕੈਂਪ ਵਿੱਚ ਲਾਇਨਜ਼ ਆਈ ਕੇਅਰ ਜੈਤੋ ਤੋਂ ਨੇਤਰ ਮਾਹਿਰਾਂ ਦੀ ਵਿਸ਼ੇਸ਼ ਟੀਮ ਪਹੁੰਚੇਗੀ। ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨ ਦੇ ਨਾਲ ਜ਼ਰੂਰੀ ਸਲਾਹ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਆਪਰੇਸ਼ਨ ਲਈ ਯੋਗ ਪਾਏ ਜਾਣ ਵਾਲੇ ਮਰੀਜ਼ਾਂ ਦੇ ਫੈਕੋ ਆਪਰੇਸ਼ਨ ਵੀ ਮੁਫ਼ਤ ਕਰਵਾਏ ਜਾਣਗੇ। ਮਰੀਜ਼ਾਂ ਨੂੰ ਜੈਤੋ ਲਿਜਾਣ ਅਤੇ ਵਾਪਸ ਲਿਆਉਣ ਦਾ ਖਰਚਾ ਵੀ ਕੈਂਪ ਦੇ ਪ੍ਰਾਯੋਜਕ ਐਸ.ਵੀ.ਪੀ. ਕੈਨੇਡਾ ਅਤੇ ਸੋਸਾਇਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਆਕਸੀਜਨ ਸੇਵਾ ਲਈ 5 ਸਿਲੰਡਰ ਦਾਨ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਮਰੀਜ਼ਾਂ ਨੂੰ 24 ਘੰਟੇ ਮੁਫ਼ਤ ਆਕਸੀਜਨ ਸੇਵਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਸੇਵਾ ਨੂੰ ਹੋਰ ਮਜ਼ਬੂਤ ਕਰਨ ਲਈ ਸੋਸਾਇਟੀ ਦੇ ਸੀਨੀਅਰ ਮੈਂਬਰ ਮੋਹਿਤ ਗਰੋਵਰ ਨੇ 3 ਅਤੇ ਪ੍ਰਸਿੱਧ ਸਮਾਜ ਸੇਵੀ ਵਿਜੇ ਸਿੰਗਲਾ ਨੇ 2 ਆਕਸੀਜਨ ਸਿਲੰਡਰ ਸੋਸਾਇਟੀ ਨੂੰ ਭੇਟ ਕੀਤੇ। ਇਸ ਉਪਰਾਲੇ ਲਈ ਸੋਸਾਇਟੀ ਦੇ ਵਫ਼ਦ ਵੱਲੋਂ ਦੋਵਾਂ ਸੱਜਣਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਿਰਧਾਰੀ ਲਾਲ ਅਗਰਵਾਲ, ਅਸ਼ੋਕ ਮੋਂਗਾ, ਰਵੀ ਜੁਨੇਜਾ, ਨਰੇਸ਼ ਮਿੱਤਲ, ਸੁਭਾਸ਼ ਕਟਾਰੀਆ, ਬਾਬੂ ਲਾਲ ਅਰੋੜਾ, ਸੁਸ਼ੀਲ ਗੁਪਤਾ, ਸੰਦੀਪ ਅਨੇਜਾ, ਭਾਰਤ ਭੂਸ਼ਣ ਗਰਗ, ਸੁਭਾਸ਼ ਅਰੋੜਾ, ਚਰਨਜੀਤ ਕੌਰ ਮੈਨੀ, ਮੋਨਾ ਕਟਾਰੀਆ, ਨੀਲਮ ਸਚਦੇਵਾ ਸਮੇਤ ਸੋਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ।