ਦਿੱਲੀ ਰੈਲੀ ’ਚ ਫਾਜ਼ਿਲਕਾ ਤੋਂ ਵੱਡੀ ਗਿਣਤੀ ’ਚ ਸਾਥੀ ਲੈਣਗੇ ਹਿੱਸਾ : ਢੰਡੀਆਂ ਦਿੱਲੀ ਦੀ ਦੇਸ਼ ਵਿਆਪੀ ਰੈਲੀ ’ਚ ਫਾਜ਼ਿਲਕਾ ਤੋਂ ਵੱਡੀ ਗਿਣਤੀ ’ਚ ਸਾਥੀ ਲੈਣਗੇ ਹਿੱਸਾ : ਢੰਡੀਆਂ
Publish Date: Mon, 24 Aug 2026 05:07 PM (IST)
Updated Date: Mon, 24 Aug 2026 05:09 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵੱਲੋਂ ਪਹਿਲੀ ਸਤੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿਖੇ ‘ਬਦਲਾਅ ਜ਼ਰੂਰੀ ਹੈ’ ਦੇ ਨਾਂ ਹੇਠ ਕੀਤੀ ਜਾ ਰਹੀ ਦੇਸ਼ ਪੱਧਰੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਰੈਲੀ ਦੀ ਸਫ਼ਲਤਾ ਲਈ ਸੀਪੀਆਈ ਬਲਾਕ ਜਲਾਲਾਬਾਦ ਦੀ ਜਨਰਲ ਬਾਡੀ ਦੀ ਮੀਟਿੰਗ ਸਥਾਨਕ ਸੁਤੰਤਰ ਭਵਨ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਰਮੇਸ਼ ਪੀਰ ਮੁਹੰਮਦ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਹੰਸ ਰਾਜ ਗੋਲਡਨ ਨੇ ਕਿਹਾ ਕਿ ਦਿੱਲੀ ਵਿਖੇ ਹੋਣ ਵਾਲੀ ਰੈਲੀ ਵਿੱਚ ਜ਼ਿਲ੍ਹਾ ਫਾਜ਼ਿਲਕਾ ਤੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਮੂਲੀਅਤ ਕਰਨਗੇ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ੁਬੇਗ ਝੰਗੜਭੈਣੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਲਈ ਰੁਜ਼ਗਾਰ ਦੀ ਗਾਰੰਟੀ ਯਕੀਨੀ ਬਣਾਉਣ ਲਈ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ ਬਨੇਗਾ ਨੂੰ ਸੰਸਦ ਵਿੱਚ ਪਾਸ ਕਰਵਾਉਣ ਦੀ ਮੰਗ ਨੂੰ ਲੈ ਕੇ ਨੌਜਵਾਨਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਦਿੱਲੀ ਵਿਖੇ ਹੋਣ ਵਾਲੀ ਰੈਲੀ ਵਿੱਚ ਪਹੁੰਚਣਗੇ। ਇਸੇ ਦੌਰਾਨ ਸੀਪੀਆਈ ਬਲਾਕ ਜਲਾਲਾਬਾਦ ਦੇ ਸਕੱਤਰ ਛਿੰਦਰ ਮਹਾਲਮ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ ਨੇ ਕਿਹਾ ਕਿ ਦੇਸ਼ ਦੇ ਲੋਕ ਮੌਜੂਦਾ ਹਾਲਾਤ ਤੋਂ ਤੰਗ ਆ ਚੁੱਕੇ ਹਨ ਅਤੇ ਜ਼ਮੀਨੀ ਪੱਧਰ ’ਤੇ ਬਦਲਾਅ ਦੀ ਮੰਗ ਕਰ ਰਹੇ ਹਨ। ਇਸ ਮੌਕੇ ਹਰਜੀਤ ਕੌਰ ਢੰਡੀਆਂ, ਜੰਮੂ ਰਾਮ ਬੰਨਵਾਲਾ, ਹਰਭਜਨ ਛੱਪੜੀ ਵਾਲਾ, ਗੁਰਦਿਆਲ ਢਾਬਾਂ, ਬਲਵੀਰ ਕਾਠਗੜ੍ਹ, ਬਲਵੰਤ ਚੌਹਾਣਾ, ਤੇਜਾ ਸਿੰਘ ਅਮੀਰ ਖਾਸ, ਸੋਨੂੰ ਧੁਨਕੀਆਂ, ਸੰਦੀਪ ਜੋਧਾ, ਸਤੀਸ਼ ਛੱਪੜੀ ਵਾਲਾ, ਕੁਲਦੀਪ ਬੱਖੂ ਸ਼ਾਹ, ਰਾਜਵਿੰਦਰ ਨਿਉਲਾ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।