ਜਲਾਲਾਬਾਦ ਦੀ ਧਰਤੀ ’ਤੇ ਭਗਤੀ ਦਾ ਮਹਾਂਕੁੰਭ ਜਲਾਲਾਬਾਦ ਦੀ ਧਰਤੀ ’ਤੇ ਭਗਤੀ ਦਾ ਮਹਾਂਕੁੰਭ, ਕਨ੍ਹਈਆ ਮਿੱਤਲ ਦੇ ਭਜਨਾਂ ’ਤੇ ਹਜ਼ਾਰਾਂ ਸ਼ਰਧਾਲੂਆਂ ਨੇ ਲਗਾਈ ਹਾਜ਼ਰੀ
Publish Date: Mon, 23 Nov 2026 05:06 PM (IST)
Updated Date: Tue, 24 Nov 2026 04:05 AM (IST)
-ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਕਰਵਾਇਆ ਗਿਆ ਵਿਸ਼ਾਲ ਧਾਰਮਿਕ ਜਾਗਰਨ, ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਲਗਾਏ ਲੰਗਰ, ਲੋੜਵੰਦਾਂ ਨੂੰ ਮੁਫ਼ਤ ਵੰਡੀਆਂ ਦਵਾਈਆਂ ਹੈਪੀ ਕਾਠਪਾਲ/ਬੰਪਲ ਬਠੇਜਾ, ਜਲਾਲਾਬਾਦ : ਜਲਾਲਾਬਾਦ ਸ਼ਹਿਰ ਦੀ ਧਰਤੀ ਬੀਤੀ ਰਾਤ ਉਸ ਸਮੇਂ ਪੂਰੀ ਤਰ੍ਹਾਂ ਭਗਤੀ ਅਤੇ ਸ਼ਰਧਾ ਦੇ ਰੰਗ ਵਿੱਚ ਰੰਗੀ ਨਜ਼ਰ ਆਈ, ਜਦੋਂ ਸਾਲਾਸਰ-ਖਾਟੂ ਵਾਲੇ ਦੇ ਨਾਮ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਜਾਗਰਨ ਅਤੇ ਭਜਨ ਸੰਧਿਆ ਦਾ ਆਯੋਜਨ ਮਲਟੀਪਰਪਜ਼ ਸਪੋਰਟਸ ਸਟੇਡੀਅਮ ਜਲਾਲਾਬਾਦ ਵਿਖੇ ਕੀਤਾ ਗਿਆ। ਇਸ ਵਿਸ਼ਾਲ ਸਮਾਗਮ ਵਿੱਚ ਭਜਨ ਸਮਰਾਟ ਕਨ੍ਹਈਆ ਮਿੱਤਲ ਨੇ ਆਪਣੀ ਸੁਰੀਲੀ ਆਵਾਜ਼ ਅਤੇ ਭਗਤੀ ਭਰੇ ਭਜਨਾਂ ਨਾਲ ਅਜਿਹਾ ਸਮਾਂ ਬੰਨ੍ਹਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਭਗਤੀ ਦੇ ਰੰਗ ਵਿੱਚ ਝੂਮ ਉੱਠੀ ਅਤੇ ਪੂਰਾ ਸਟੇਡੀਅਮ ਜੈ ਸ੍ਰੀ ਰਾਮ, ਜੈ ਸ੍ਰੀ ਸ਼ਿਆਮ ਅਤੇ ਬਾਲਾ ਜੀ ਮਹਾਰਾਜ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਇਸ ਵਿਸ਼ਾਲ ਧਾਰਮਿਕ ਸਮਾਗਮ ਦਾ ਆਯੋਜਨ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਕੀਤਾ ਗਿਆ। ਜਲਾਲਾਬਾਦ ਸ਼ਹਿਰ ਵਿੱਚ ਇੰਨੇ ਵੱਡੇ ਪੱਧਰ ’ਤੇ ਧਾਰਮਿਕ ਜਾਗਰਨ ਕਰਵਾਉਣਾ ਇੱਕ ਵਿਸ਼ੇਸ਼ ਉਪਰਾਲਾ ਰਿਹਾ, ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਨੇ ਭਰਪੂਰ ਸਹਿਯੋਗ ਦਿੱਤਾ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਪੂਰੀ ਸ਼ਰਧਾ ਅਤੇ ਧਾਰਮਿਕ ਮਰਿਆਦਾ ਨਾਲ ਆਰਤੀ ਕਰਵਾਈ ਗਈ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਸਮੇਤ ਹੋਰ ਕਈ ਪਤਵੰਤੇ ਸੱਜਣ ਮੌਜੂਦ ਰਹੇ। ਭਜਨ ਸਮਰਾਟ ਕਨ੍ਹਈਆ ਮਿੱਤਲ ਨੇ ਆਪਣੇ ਪ੍ਰਸਿੱਧ ਭਜਨਾਂ ਰਾਹੀਂ ਸੰਗਤ ਨੂੰ ਪ੍ਰਭੂ ਭਗਤੀ ਨਾਲ ਜੋੜਿਆ। ਉਨ੍ਹਾਂ ਦੀ ਸੁਰੀਲੀ ਆਵਾਜ਼ ਵਿੱਚ ਭਜਨਾਂ ਦਾ ਆਨੰਦ ਮਾਣਦਿਆਂ ਸ਼ਰਧਾਲੂ ਭਗਤੀ ਵਿੱਚ ਲੀਨ ਹੋ ਗਏ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਅਤੇ ਪਰਿਵਾਰਾਂ ਸਮੇਤ ਪਹੁੰਚੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਭਜਨਾਂ ਦੌਰਾਨ ਸੰਗਤ ਵੱਲੋਂ ਲਗਾਏ ਜਾ ਰਹੇ ਜੈਕਾਰਿਆਂ ਨਾਲ ਸਟੇਡੀਅਮ ਦਾ ਮਾਹੌਲ ਪੂਰੀ ਤਰ੍ਹਾਂ ਭਗਤੀਮਈ ਬਣਿਆ ਰਿਹਾ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਭਜਨ ਸਮਰਾਟ ਕਨ੍ਹਈਆ ਮਿੱਤਲ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਅਤੇ ਭਗਤੀ ਭਰੇ ਭਜਨਾਂ ਰਾਹੀਂ ਜਲਾਲਾਬਾਦ ਦੀ ਇਸ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ ਹੈ। ਇਸ ਧਾਰਮਿਕ ਸਮਾਗਮ ਦੀ ਇੱਕ ਹੋਰ ਵਿਸ਼ੇਸ਼ ਗੱਲ ਇਹ ਰਹੀ ਕਿ ਜਿੱਥੇ ਇੱਕ ਪਾਸੇ ਸੰਗਤ ਨੇ ਭਜਨ ਸੰਧਿਆ ਦਾ ਆਨੰਦ ਮਾਣਿਆ, ਉੱਥੇ ਹੀ ਦੂਜੇ ਪਾਸੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੰਗਤ ਅਤੇ ਲੋਕਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਸੰਸਥਾਵਾਂ ਵੱਲੋਂ ਪੂਰੀ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲੰਗਰ ਵਰਤਾਇਆ ਗਿਆ। ਇਸ ਦੇ ਨਾਲ ਹੀ ਲੋੜਵੰਦ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਜਲਾਲਾਬਾਦ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਸਹਿਯੋਗੀਆਂ ਅਤੇ ਸ਼ਹਿਰ ਵਾਸੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵੱਡੇ ਸਮਾਜਿਕ ਜਾਂ ਧਾਰਮਿਕ ਉਪਰਾਲੇ ਦੀ ਸਫਲਤਾ ਵਿੱਚ ਸਾਰਿਆਂ ਦਾ ਸਾਂਝਾ ਸਹਿਯੋਗ ਅਹਿਮ ਹੁੰਦਾ ਹੈ। ਜਲਾਲਾਬਾਦ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ ਅਤੇ ਸੇਵਾ ਭਾਵਨਾ ਸ਼ਲਾਘਾਯੋਗ ਹੈ। ਜਲਾਲਾਬਾਦ ਦੀ ਧਰਤੀ ’ਤੇ ਕਰਵਾਈ ਗਈ ਇਹ ਭਜਨ ਸੰਧਿਆ ਭਗਤੀ, ਸ਼ਰਧਾ, ਆਪਸੀ ਭਾਈਚਾਰੇ ਅਤੇ ਸੇਵਾ ਭਾਵਨਾ ਦਾ ਯਾਦਗਾਰੀ ਸੰਗਮ ਬਣ ਕੇ ਰਹੀ।