ਮਹਾਸ਼ਿਵਰਾਤਰੀ 'ਤੇ ਧੂਮਧਾਮ ਨਾਲ ਸਜਾਈ ਸ਼ੋਭਾ ਯਾਤਰਾ
ਮਹਾਸ਼ਿਵਰਾਤਰੀ 'ਤੇ ਧੂਮਧਾਮ ਨਾਲ ਕੱਢੀ ਗਈ ਸ਼ੋਭਾ ਯਾਤਰਾ
Publish Date: Mon, 16 Feb 2026 05:16 PM (IST)
Updated Date: Mon, 16 Feb 2026 05:18 PM (IST)

ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਜਲਾਲਾਬਾਦ : ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਜਲਾਲਾਬਾਦ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਸ਼ੁਭ ਮੌਕੇ 'ਤੇ ਪਿੰਡ ਦੀਬੀਪੁਰਾ ਵਿਖੇ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਰਾਜ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਲਿਆ। ਸ਼ੋਭਾ ਯਾਤਰਾ ਦੌਰਾਨ ਡਾ. ਰਾਜ ਸਿੰਘ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਈ ਪ੍ਰਮੁੱਖ ਆਗੂ ਅਤੇ ਅਹੁਦੇਦਾਰ ਮੌਜੂਦ ਸਨ। ਇਨ੍ਹਾਂ ਵਿੱਚ ਡਾ. ਜੰਗੀਰ ਸਿੰਘ ਕਟੀਆਂਵਾਲਾ, ਸਾਬਕਾ ਸਰਪੰਚ ਸੋਨਾ ਸਿੰਘ, ਬਲਵਿੰਦਰ ਸਿੰਘ ਬਿੱਟੂ, ਜੋਗਿੰਦਰ ਸਿੰਘ ਮੈਂਬਰ, ਕੁਲਵੀਰ ਸਰਪੰਚ, ਜਗਦੀਸ਼ ਸਿੰਘ ਅਤੇ ਸੁਰਿੰਦਰ ਸਰਪੰਚ ਨੇ ਪ੍ਰਮੁੱਖ ਤੌਰ 'ਤੇ ਆਪਣੀ ਹਾਜ਼ਰੀ ਲਵਾਈ। ਡਾ. ਰਾਜ ਸਿੰਘ ਨੇ ਮੰਦਰ ਕਮੇਟੀ ਅਤੇ ਹਾਜ਼ਰ ਸ਼ਰਧਾਲੂਆਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਗਵਾਨ ਸ਼ਿਵ ਦਾ ਇਹ ਤਿਉਹਾਰ ਸਾਨੂੰ ਆਪਸੀ ਭਾਈਚਾਰੇ ਅਤੇ ਭਗਤੀ ਦਾ ਸੰਦੇਸ਼ ਦਿੰਦਾ ਹੈ। ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਜਲਾਲਾਬਾਦ ਸ਼ਹਿਰ ਦੇ ਕਈ ਪਤਵੰਤੇ ਸੱਜਣ ਵੀ ਪਹੁੰਚੇ। ਇਸ ਦੌਰਾਨ ਮੰਦਰ ਕਮੇਟੀ ਦੇ ਮੈਂਬਰਾਂ ਵੱਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿੱਚ ਯੂਥ ਅਕਾਲੀ ਦਲ ਹਲਕਾ ਤਰਨਤਾਰਨ ਦੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਨੌਜਵਾਨ ਆਗੂਆਂ ਦੀ ਸਰਗਰਮੀ ਵੀ ਦੇਖਣ ਨੂੰ ਮਿਲੀ। ਪੂਰੀ ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਦਾ ਉਤਸ਼ਾਹ ਸਿਖਰਾਂ 'ਤੇ ਸੀ ਅਤੇ ਭਗਤੀ ਭਰਪੂਰ ਭਜਨਾਂ ਨਾਲ ਪੂਰਾ ਇਲਾਕਾ ਸ਼ਿਵਮਈ ਹੋ ਗਿਆ।