ਹਾਰੇਗਾ ਨਸ਼ਾ, ਜਿੱਤੇਗਾ ਅਬੋਹਰ’ ਦੇ ਸੰਕਲਪ ਨਾਲ ਸਫਲ ਰਹੀ 7ਵੀਂ ਅਬੋਹਰ ਮੈਰਾਥਨ ਹਾਰੇਗਾ ਨਸ਼ਾ, ਜਿੱਤੇਗਾ ਅਬੋਹਰ’ ਦੇ ਸੰਕਲਪ ਨਾਲ ਸਫਲ ਰਹੀ 7ਵੀਂ ਅਬੋਹਰ ਮੈਰਾਥਨ
Publish Date: Sun, 22 Nov 2026 04:56 PM (IST)
Updated Date: Mon, 23 Nov 2026 04:04 AM (IST)
-15 ਹਜ਼ਾਰ ਤੋਂ ਵੱਧ ਦੌੜਾਕਾਂ ਨੇ ਲਿਆ ਹਿੱਸਾ, ਜੇਤੂਆਂ ਨੂੰ 1.69 ਲੱਖ ਰੁਪਏ ਦੇ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ ਸੱਤਵੀਂ ਅਬੋਹਰ ਮੈਰਾਥਨ ’ਚ ਹਜ਼ਾਰਾਂ ਦੌੜਾਕਾਂ ਨੇ ਭਾਗ ਲੈ ਕੇ ਨਸ਼ਾਮੁਕਤ ਤੇ ਸਿਹਤਮੰਦ ਸਮਾਜ ਦਾ ਸੰਦੇਸ਼ ਦਿੱਤਾ ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ,ਅਬੋਹਰ : ਜਾਖੜ ਟਰੱਸਟ ਵੱਲੋਂ ਅੱਜ 7ਵੀਂ ਅਬੋਹਰ ਮੈਰਾਥਨ ਦਾ ਆਯੋਜਨ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਕੀਤਾ ਗਿਆ। ‘ਹਾਰੇਗਾ ਨਸ਼ਾ, ਜਿੱਤੇਗਾ ਅਬੋਹਰ’ ਦੇ ਸੰਕਲਪ ਨਾਲ ਕਰਵਾਈ ਗਈ ਇਸ ਮੈਰਾਥਨ ਵਿੱਚ 15 ਹਜ਼ਾਰ ਤੋਂ ਵੱਧ ਦੌੜਾਕਾਂ ਨੇ ਭਾਗ ਲੈ ਕੇ ਖੇਡ ਭਾਵਨਾ, ਸਿਹਤਮੰਦ ਜੀਵਨ ਸ਼ੈਲੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਦੌੜਾਕਾਂ ਨੇ 21 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਵੱਖ-ਵੱਖ ਵਰਗਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂਆਂ ਨੂੰ ਕੁੱਲ 1 ਲੱਖ 69 ਹਜ਼ਾਰ 200 ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਗਈ। ਇਸ ਦੇ ਨਾਲ ਹੀ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੈਰਾਥਨ ਵਿੱਚ ਭਾਗ ਲੈਣ ਵਾਲੇ ਹਰੇਕ ਦੌੜਾਕ ਨੂੰ ਵੀ ਮੈਡਲ ਅਤੇ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਅਜੈਵੀਰ ਜਾਖੜ, ਮੇਅਰ ਪੂਜਾ ਵਧਵਾ, ਜਾਖੜ ਟਰੱਸਟ ਦੇ ਟਰੱਸਟੀ ਗੁਰਬਚਨ ਸਿੰਘ, ਵਿਜੇ ਕਟਾਰੀਆ ਅਤੇ ਜੈਵੀਰ ਜਾਖੜ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਅਬੋਹਰ ਮੈਰਾਥਨ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ, ਸਗੋਂ ਸਿਹਤਮੰਦ ਸਮਾਜ ਅਤੇ ਨਸ਼ਾਮੁਕਤ ਪੰਜਾਬ ਦੀ ਸਿਰਜਣਾ ਵੱਲ ਇੱਕ ਸਾਂਝਾ ਯਤਨ ਹੈ। ਹਰ ਸਾਲ ਇਸ ਆਯੋਜਨ ਵਿੱਚ ਦੌੜਾਕਾਂ ਦੀ ਵਧਦੀ ਭਾਗੀਦਾਰੀ ਇਸ ਗੱਲ ਦਾ ਸਬੂਤ ਹੈ ਕਿ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕ ਸਿਹਤ, ਫਿਟਨੈੱਸ ਅਤੇ ਖੇਡਾਂ ਪ੍ਰਤੀ ਜਾਗਰੂਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਸਕਾਰਾਤਮਕ ਗਤੀਵਿਧੀਆਂ ਨਾਲ ਜੋੜਿਆ ਜਾਵੇ। ਮੈਰਾਥਨ ਵਰਗੇ ਆਯੋਜਨ ਨੌਜਵਾਨਾਂ ਨੂੰ ਆਪਣੀ ਊਰਜਾ ਸਹੀ ਦਿਸ਼ਾ ਵਿੱਚ ਲਗਾਉਣ ਲਈ ਪ੍ਰੇਰਿਤ ਕਰਦੇ ਹਨ। ਜਾਖੜ ਟਰੱਸਟ ਭਵਿੱਖ ਵਿੱਚ ਵੀ ਅਜਿਹੇ ਆਯੋਜਨਾਂ ਰਾਹੀਂ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਰਹੇਗਾ। ਮੁਕਾਬਲੇ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਲੜਕੀਆਂ ਦੇ 21 ਕਿਲੋਮੀਟਰ ਵਰਗ ਵਿੱਚ ਅਰਪਿਤਾ ਧੁਰੀਆ ਨੇ ਪਹਿਲਾ ਸਥਾਨ ਹਾਸਲ ਕਰਕੇ 21 ਹਜ਼ਾਰ ਰੁਪਏ, ਮਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ 11 ਹਜ਼ਾਰ ਰੁਪਏ ਅਤੇ ਅੰਜਲੀ ਪਾਟੀਦਾਰ ਨੇ ਤੀਜਾ ਸਥਾਨ ਹਾਸਲ ਕਰਕੇ 5100 ਰੁਪਏ ਦਾ ਇਨਾਮ ਜਿੱਤਿਆ। ਲੜਕੀਆਂ ਦੇ 10 ਕਿਲੋਮੀਟਰ ਵਰਗ ਵਿੱਚ ਸ਼ਿਲਪਾ ਪਹਿਲੇ ਸਥਾਨ ਤੇ ਰਹੀ, ਜਿਸ ਨੂੰ 15 ਹਜ਼ਾਰ ਰੁਪਏ, ਪ੍ਰਿੰਸੀ ਨੇ ਦੂਜਾ ਸਥਾਨ ਹਾਸਲ ਕਰਕੇ 10 ਹਜ਼ਾਰ ਰੁਪਏ ਅਤੇ ਸ਼ਵੇਤਾ ਛਾਬੜਾ ਨੇ ਤੀਜਾ ਸਥਾਨ ਹਾਸਲ ਕਰਕੇ 5 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ 5 ਕਿਲੋਮੀਟਰ ਵਰਗ ਵਿੱਚ ਰਚਨਾ ਕੰਬੋਜ ਨੇ ਪਹਿਲਾ ਸਥਾਨ ਹਾਸਲ ਕਰਕੇ 10 ਹਜ਼ਾਰ ਰੁਪਏ, ਜਸਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ 5 ਹਜ਼ਾਰ ਰੁਪਏ ਅਤੇ ਪ੍ਰਿਧੀ ਨੇ ਤੀਜਾ ਸਥਾਨ ਹਾਸਲ ਕਰਕੇ 2500 ਰੁਪਏ ਦਾ ਇਨਾਮ ਜਿੱਤਿਆ। ਲੜਕਿਆਂ ਦੇ 21 ਕਿਲੋਮੀਟਰ ਵਰਗ ਵਿੱਚ ਆਯੂਸ਼ ਚੌਧਰੀ ਨੇ ਪਹਿਲਾ ਸਥਾਨ ਹਾਸਲ ਕਰਕੇ 21 ਹਜ਼ਾਰ ਰੁਪਏ, ਗੋਲਡੀ ਗੋਸਵਾਮੀ ਨੇ ਦੂਜਾ ਸਥਾਨ ਹਾਸਲ ਕਰਕੇ 11 ਹਜ਼ਾਰ ਰੁਪਏ ਅਤੇ ਹਰੀਸ਼ ਕੁਮਾਰ ਨੇ ਤੀਜਾ ਸਥਾਨ ਹਾਸਲ ਕਰਕੇ 5100 ਰੁਪਏ ਦਾ ਨਕਦ ਇਨਾਮ ਜਿੱਤਿਆ। ਲੜਕਿਆਂ ਦੇ 10 ਕਿਲੋਮੀਟਰ ਵਰਗ ਵਿੱਚ ਅਨਿਲ ਕੁਮਾਰ ਪਹਿਲੇ ਸਥਾਨ ਤੇ ਰਹੇ, ਜਿਨ੍ਹਾਂ ਨੂੰ 15 ਹਜ਼ਾਰ ਰੁਪਏ, ਸਾਗਰ ਨੇ ਦੂਜਾ ਸਥਾਨ ਹਾਸਲ ਕਰਕੇ 10 ਹਜ਼ਾਰ ਰੁਪਏ ਅਤੇ ਕਮਲ ਨੇ ਤੀਜਾ ਸਥਾਨ ਹਾਸਲ ਕਰਕੇ 5 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। 5 ਕਿਲੋਮੀਟਰ ਵਰਗ ਵਿੱਚ ਸੁਖਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ 10 ਹਜ਼ਾਰ ਰੁਪਏ, ਰਿੰਕੂ ਨੇ ਦੂਜਾ ਸਥਾਨ ਹਾਸਲ ਕਰਕੇ 5 ਹਜ਼ਾਰ ਰੁਪਏ ਅਤੇ ਕੁਲਦੀਪ ਨੇ ਤੀਜਾ ਸਥਾਨ ਹਾਸਲ ਕਰਕੇ 2500 ਰੁਪਏ ਦਾ ਇਨਾਮ ਜਿੱਤਿਆ। ਸੰਦੀਪ ਜਾਖੜ ਨੇ ਆਯੋਜਨ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਹਿਯੋਗੀਆਂ, ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ਤੇ ਮੈਰਾਥਨ ਦਾ ਆਯੋਜਨ ਪੂਰੀ ਟੀਮ ਦੀ ਮਿਹਨਤ ਅਤੇ ਸਾਂਝੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਇਸ ਮੌਕੇ ਵਿਕਾਸ ਸਿੰਗਲਾ, ਪ੍ਰਿੰਸ ਅਰਨੀਵਾਲਾ, ਮਾਨਕ ਸ਼ਾਹ, ਪੁਨੀਤ ਅਰੋੜਾ, ਅਤਿੰਦਰਪਾਲ ਸਿੰਘ, ਅਮਨਦੀਪ ਮੂੰਡ ਅਤੇ ਗਗਨ ਚਾਵਲਾ ਸਮੇਤ ਟੀਮ ਐਸਜੇ ਅਤੇ ਟੀਮ ਸ਼ਕਤੀ ਦੇ ਸਾਰੇ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਬੱਬੂ ਓਸ਼ੋ ਦੀ ਅਗਵਾਈ ਹੇਠ ਅਬੋਹਰ ਰਨਰਜ਼, ਦੀਪਕ ਬਾਂਸਲ ਦੀ ਅਗਵਾਈ ਹੇਠ ਅਬੋਹਰ ਫਿਟਨੈੱਸ ਲਵਰਜ਼, ਹਰਜੀਤ ਹਜ਼ਾਰਾ ਦੀ ਅਗਵਾਈ ਹੇਠ ਅਬੋਹਰ ਪੈਡਲਰਜ਼ ਕਲੱਬ, ਇੰਦਰ ਸ਼ਰਮਾ ਦੀ ਅਗਵਾਈ ਹੇਠ ਪੈਡਲ ਪਾਵਰ ਕਲੱਬ ਅਤੇ ਪਰਵੀਨ ਕੁਮਾਰ ਦੀ ਅਗਵਾਈ ਹੇਠ ਗ੍ਰਾਮੀਣ ਸਪੋਰਟਸ ਕਲੱਬ ਨੇ ਵੀ ਆਯੋਜਨ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।