ਸਲੇਮਸ਼ਾਹ ਸਰਕਾਰੀ ਗਊਸ਼ਾਲਾ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਜਾਇਜ਼ਾ ਸਲੇਮਸ਼ਾਹ ਸਰਕਾਰੀ ਗਊਸ਼ਾਲਾ ਵਿੱਚ 650 ਗਊਆਂ ਦੀ ਸੰਭਾਲ, ਅਮਨ ਅਰੋੜਾ ਨੇ ਕੀਤੀ ਸ਼ਲਾਘਾ
Publish Date: Tue, 06 Oct 2026 05:02 PM (IST)
Updated Date: Tue, 06 Oct 2026 05:05 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਸਲੇਮਸ਼ਾਹ ਸਥਿਤ ਸਰਕਾਰੀ ਗਊਸ਼ਾਲਾ ਦਾ ਦੌਰਾ ਕਰਕੇ ਗਊਵੰਸ਼ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਗਊਸ਼ਾਲਾ ਵਿੱਚ ਲਗਭਗ 650 ਗਊਆਂ ਦੀ ਸੰਭਾਲ ਕੀਤੀ ਜਾ ਰਹੀ ਹੈ। ਅਮਨ ਅਰੋੜਾ ਨੇ ਗਊਸ਼ਾਲਾ ਦੇ ਪ੍ਰਬੰਧਕਾਂ, ਸੇਵਾਦਾਰਾਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਗਊਵੰਸ਼ ਦੀ ਦੇਖਭਾਲ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਸੇਵਾ ਅਤੇ ਸਾਂਭ-ਸੰਭਾਲ ਇੱਕ ਨੇਕ ਕਾਰਜ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਅਜਿਹੇ ਉਪਰਾਲਿਆਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਮੰਤਰੀ ਨੇ ਗਊਸ਼ਾਲਾ ਵਿਖੇ ਮੌਜੂਦ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਸੁਣੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਜਾਇਜ਼ ਮਸਲਿਆਂ ਦੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕ ਭਲਾਈ ਅਤੇ ਸੂਬੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਸਰਕਾਰ ਵੱਲੋਂ 300 ਯੂਨਿਟ ਤੱਕ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕਾਂ ਰਾਹੀਂ ਸਿਹਤ ਸਹੂਲਤਾਂ, ਸਕੂਲ ਆਫ਼ ਐਮੀਨੈਂਸ ਰਾਹੀਂ ਸਿੱਖਿਆ ਅਤੇ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਸਮੇਤ ਵੱਖ-ਵੱਖ ਲੋਕ ਭਲਾਈ ਸਹੂਲਤਾਂ ਦਾ ਜ਼ਿਕਰ ਕੀਤਾ। ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸਬੰਧਤ ਕਰਮਚਾਰੀਆਂ ਨੂੰ ਗਊਵੰਸ਼ ਦੀ ਸੰਭਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੀ ਹਦਾਇਤ ਕੀਤੀ। ਉਨ੍ਹਾਂ ਫਾਜ਼ਿਲਕਾ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਬੇਸਹਾਰਾ ਗਊਵੰਸ਼ ਦੀ ਬਿਹਤਰ ਸੰਭਾਲ ਲਈ ਗਊਸ਼ਾਲਾ ਨੂੰ ਵੱਧ ਤੋਂ ਵੱਧ ਸਹਿਯੋਗ ਅਤੇ ਦਾਨ ਦਿੱਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜਗਵਿੰਦਰਜੀਤ ਸਿੰਘ ਗਰੇਵਾਲ, ਬੀਡੀਪੀਓ ਲਾਲ ਸਿੰਘ ਅਤੇ ਸਰਕਾਰੀ ਗਊਸ਼ਾਲਾ ਦੇ ਕਰਮਚਾਰੀ ਹਾਜ਼ਰ ਸਨ।