ਅਬੋਹਰ ਵਿਖੇ 35 ਸਾਲਾ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ, ਭਾਲ ਜਾਰੀ ਅਬੋਹਰ ’ਚ 35 ਸਾਲਾ ਨੌਜਵਾਨ ਨਹਿਰ ’ਚ ਕੁੱਦਿਆ, ਭਾਲ ਜਾਰੀ
Publish Date: Sun, 23 Aug 2026 05:15 PM (IST)
Updated Date: Sun, 23 Aug 2026 05:18 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਅਬੋਹਰ ਦੇ ਜੰਮੂ ਬਸਤੀ ਇਲਾਕੇ ਤੋਂ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਰਿਵਾਰਕ ਕਲੇਸ਼ ਤੋਂ ਬਾਅਦ 35 ਸਾਲਾ ਵਿਅਕਤੀ ਨੇ ਦੇਰ ਰਾਤ ਨਹਿਰ ਵਿੱਚ ਛਾਲ ਮਾਰ ਦਿੱਤੀ। ਲਾਪਤਾ ਵਿਅਕਤੀ ਦੀ ਪਛਾਣ ਜੰਮੂ ਬਸਤੀ ਦੀ ਗਲੀ ਨੰਬਰ-3 ਵਾਸੀ ਰਿੰਕੂ ਪੁੱਤਰ ਮਿੱਠੂ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 12 ਵਜੇ ਰਿੰਕੂ ਦਾ ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਕਹਾਸੁਣੀ ਤੋਂ ਬਾਅਦ ਉਹ ਆਪਣੀ ਸਕੂਟੀ ਲੈ ਕੇ ਘਰੋਂ ਨਿਕਲ ਗਿਆ। ਪਰਿਵਾਰਕ ਮੈਂਬਰਾਂ ਨੂੰ ਅਣਹੋਣੀ ਦਾ ਖਦਸ਼ਾ ਹੋਣ ਕਾਰਨ ਉਹ ਵੀ ਉਸ ਦੇ ਪਿੱਛੇ ਨਿਕਲ ਪਏ। ਜਦੋਂ ਉਹ ਹਨੂੰਮਾਨਗੜ੍ਹ ਰੋਡ ਸਥਿਤ ਮਲੂਕਪੁਰਾ ਨਹਿਰ ਨੇੜੇ ਪਹੁੰਚੇ ਤਾਂ ਰਿੰਕੂ ਨੇ ਉਨ੍ਹਾਂ ਦੇ ਸਾਹਮਣੇ ਹੀ ਨਹਿਰ ਵਿੱਚ ਛਾਲ ਮਾਰ ਦਿੱਤੀ। ਨਹਿਰ ਦੇ ਕੰਢੇ ਤੋਂ ਉਸ ਦੀ ਸਕੂਟੀ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ-1 ਅਤੇ ਥਾਣਾ ਨੰਬਰ-2 ਦੀ ਪੁਲਿਸ ਮੌਕੇ ’ਤੇ ਪਹੁੰਚੀ। ਪਰਿਵਾਰਕ ਮੈਂਬਰਾਂ ਵੱਲੋਂ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੀ ਮਦਦ ਨਾਲ ਰਾਤ ਤੋਂ ਹੀ ਨਹਿਰ ਵਿੱਚ ਭਾਲ ਮੁਹਿੰਮ ਸ਼ੁਰੂ ਕਰਵਾਈ ਗਈ। ਹਾਲਾਂਕਿ ਨਹਿਰ ਵਿੱਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਗੋਤਾਖੋਰਾਂ ਅਤੇ ਬਚਾਅ ਟੀਮ ਨੂੰ ਭਾਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਿੰਕੂ ਦੋ ਮਾਸੂਮ ਧੀਆਂ ਦਾ ਪਿਤਾ ਹੈ। ਘਟਨਾ ਤੋਂ ਬਾਅਦ ਉਸ ਦੀ ਪਤਨੀ, ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਲਾਪਤਾ ਵਿਅਕਤੀ ਦੀ ਭਾਲ ਲਗਾਤਾਰ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਰਿੰਕੂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ।