- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਟੀਆਈ ਫਾਜ਼ਿਲਕਾ ’ਚ ਪੰਜਾਬ ਸਟੂਡੈਂਟਸ ਯੂਨੀਅਨ ਦੀ 19 ਮੈਂਬਰੀ ਕਮੇਟੀ ਗਠਿਤ
ਰਮਨ ਕੁਮਾਰ.ਪੰਜਾਬੀ ਜਾਗਰਣ
ਫਾਜ਼ਿਲਕਾ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਆਈਟੀਆਈ ਫਾਜ਼ਿਲਕਾ ਦੀ 19 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਜਥੇਬੰਦ ਹੋਣ ਦੀ ਲੋੜ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਯੂਨੀਅਨ ਦੇ ਜਨਰਲ ਸਕੱਤਰ ਧੀਰਜ ਫਾਜ਼ਿਲਕਾ ਅਤੇ ਜ਼ਿਲ੍ਹਾ ਆਗੂ ਦਿਲਕਰਨ ਰਤਨਪੁਰਾ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਵਿਦਿਆਰਥੀ ਹੱਕਾਂ, ਵਿੱਦਿਅਕ ਸੰਸਥਾਵਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦਾ ਜਥੇਬੰਦ ਹੋਣਾ ਸਮੇਂ ਦੀ ਮੁੱਖ ਲੋੜ ਹੈ। ਵਿਦਿਆਰਥੀ ਆਗੂਆਂ ਕੁਲਵੰਤ ਮੁਹਾਰਸੋਨਾ, ਅਨਿਲ ਅਤੇ ਮੋਨਿਕਾ ਨੇ ਕਿਹਾ ਕਿ ਸਰਕਾਰੀ ਆਈਟੀਆਈ ਫਾਜ਼ਿਲਕਾ ਦੀ ਇਮਾਰਤ ਕਾਫ਼ੀ ਪੁਰਾਣੀ ਅਤੇ ਖਸਤਾ ਹਾਲਤ ਵਿੱਚ ਹੈ। ਵਿਦਿਆਰਥੀ ਵਰਕਸ਼ਾਪ ਵਿੱਚ ਹੀ ਕਲਾਸਾਂ ਲਗਾਉਣ ਲਈ ਮਜਬੂਰ ਹਨ। ਇਸ ਤੋਂ ਇਲਾਵਾ ਆਈਟੀਆਈ ਵਿੱਚ ਇੰਸਟਰਕਟਰਾਂ ਦੀ ਵੀ ਕਾਫ਼ੀ ਘਾਟ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਹੀ ਇੱਕੋ-ਇੱਕ ਰਾਹ ਹੈ। ਚੋਣ ਦੌਰਾਨ ਅਨਿਲ ਨੂੰ ਲੜਕਿਆਂ ਦਾ ਪ੍ਰਧਾਨ, ਮੋਨਿਕਾ ਨੂੰ ਲੜਕੀਆਂ ਦੀ ਪ੍ਰਧਾਨ, ਕੁਲਵੰਤ ਮੁਹਾਰਸੋਨਾ ਨੂੰ ਸਕੱਤਰ, ਜੋਤੀ ਨੂੰ ਪ੍ਰੈੱਸ ਸਕੱਤਰ ਅਤੇ ਗੁਰਰਤਨ ਸਿੰਘ ਨੂੰ ਸੋਸ਼ਲ ਮੀਡੀਆ ਵਰਕਰ ਚੁਣਿਆ ਗਿਆ। ਇਸ ਤੋਂ ਇਲਾਵਾ ਹੋਰ ਵਿਦਿਆਰਥੀਆਂ ਨੂੰ ਕਮੇਟੀ ਮੈਂਬਰ ਵਜੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।