
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਜਪਾ ਬੋਰਡ ਦੀ ਪਹਿਲੀ ਮੀਟਿੰਗ ’ਚ 117 ਸਫ਼ਾਈ ਕਰਮਚਾਰੀ ਤੇ 20 ਸੀਵਰਮੈਨ ਪੱਕੇ

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ
ਫਾਜ਼ਿਲਕਾ : ਨਗਰ ਕੌਂਸਲ ਚੋਣਾਂ ਵਿੱਚ ਬਹੁਮਤ ਹਾਸਲ ਕਰਕੇ ਬੋਰਡ ਬਣਾਉਣ ਵਾਲੀ ਭਾਜਪਾ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਹੀ ਸ਼ਹਿਰ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਗਿਆ। ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਦੀ ਅਗਵਾਈ ਹੇਠ ਹੋਈ ਮੀਟਿੰਗ ਦੀ ਖਾਸ ਗੱਲ ਇਹ ਰਹੀ ਕਿ ਲਗਭਗ 10 ਸਾਲ ਬਾਅਦ ਨਗਰ ਕੌਂਸਲ ਸੱਤਾਧਾਰੀ ਧਿਰ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਆਪਣੇ ਪੱਧਰ ’ਤੇ ਫ਼ੈਸਲੇ ਲੈਂਦੀ ਨਜ਼ਰ ਆਈ। ਮੀਟਿੰਗ ਵਿੱਚ ਸੱਤਾਧਾਰੀ ਧਿਰ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੀ ਆਪਣੀ ਪਾਰਟੀ ਦੇ ਕੌਂਸਲਰਾਂ ਸਮੇਤ ਮੌਜੂਦ ਸਨ। ਹਾਲਾਂਕਿ ਭਾਜਪਾ ਬੋਰਡ ਦੇ ਕੌਂਸਲਰਾਂ ਨੇ ਆਪਣੇ ਵਿਵੇਕ ਅਨੁਸਾਰ ਪ੍ਰਸਤਾਵਾਂ ’ਤੇ ਫ਼ੈਸਲੇ ਲਏ ਅਤੇ ਜਿਨ੍ਹਾਂ ਮੁੱਦਿਆਂ ’ਤੇ ਹੋਰ ਵਿਚਾਰ-ਵਟਾਂਦਰੇ ਦੀ ਲੋੜ ਮਹਿਸੂਸ ਹੋਈ, ਉਨ੍ਹਾਂ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ। ਮੀਟਿੰਗ ਵਿੱਚ ਨਗਰ ਕੌਂਸਲ ਦੀਆਂ 32 ਦੁਕਾਨਾਂ ਅਤੇ ਰਿਹਾਇਸ਼ੀ ਜਾਇਦਾਦਾਂ ਦੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਪ੍ਰਸਤਾਵ ਵੀ ਰੱਖਿਆ ਗਿਆ। ਇਸ ’ਤੇ ਭਾਜਪਾ ਦੇ ਨਾਲ-ਨਾਲ ਕਾਂਗਰਸ ਦੇ ਕੌਂਸਲਰਾਂ ਨੇ ਵੀ ਸਹਿਮਤੀ ਪ੍ਰਗਟਾਈ। ਹਾਲਾਂਕਿ ਇਸ ਸਬੰਧੀ ਲੋੜੀਂਦੀ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਪੂਰੀ ਕਰਨ ਲਈ ਕਾਰਜਸਾਧਕ ਅਧਿਕਾਰੀ (ਈਓ) ਨੂੰ ਛੇ ਦਿਨ ਦਾ ਸਮਾਂ ਦਿੱਤਾ ਗਿਆ। ਇਸ ਕੰਮ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਵਾਉਣ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ। ਮੀਟਿੰਗ ਦੌਰਾਨ ਪਿਛਲੇ ਕਰੀਬ ਇੱਕ ਦਹਾਕੇ ਤੋਂ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਵੱਲੋਂ ਕੀਤੀ ਜਾ ਰਹੀ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਵੀ ਅਹਿਮ ਫ਼ੈਸਲਾ ਲਿਆ ਗਿਆ। ਨਗਰ ਕੌਂਸਲ ਵੱਲੋਂ 117 ਸਫ਼ਾਈ ਕਰਮਚਾਰੀਆਂ ਅਤੇ 20 ਸੀਵਰਮੈਨਾਂ ਨੂੰ ਪੱਕਾ ਕਰਨ ਦਾ ਇਤਿਹਾਸਕ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਪ੍ਰਧਾਨ ਅਨੀਤਾ ਜੈਰਥ ਦੀ ਸਹਿਮਤੀ ਨਾਲ ਸਾਰੇ ਕੌਂਸਲਰਾਂ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਨਹਿਰੀ ਪਾਣੀ ਪ੍ਰਾਜੈਕਟ ਦੇ ਨੇੜੇ ਕੱਟੀ ਜਾ ਰਹੀ ਕਾਲੋਨੀ ਸਬੰਧੀ ਪ੍ਰਸਤਾਵ ਨੂੰ ਵੀ ਰੱਦ ਕਰ ਦਿੱਤਾ ਗਿਆ। ਭਾਜਪਾ ਆਗੂਆਂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਇਹ ਫ਼ੈਸਲਾ ਬਿਨਾਂ ਕਿਸੇ ਦਬਾਅ ਦੇ ਲਿਆ ਗਿਆ। ਮੀਟਿੰਗ ਵਿੱਚ ਹੋਰ ਪ੍ਰਸਤਾਵ ਵੀ ਭਾਜਪਾ ਦੇ ਨਾਲ-ਨਾਲ ਕਾਂਗਰਸ ਅਤੇ ‘ਆਪ’ ਦੇ ਕੌਂਸਲਰਾਂ ਦੀ ਸਹਿਮਤੀ ਨਾਲ ਪਾਸ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦਾ ਸਭ ਤੋਂ ਵੱਡਾ ਟੀਚਾ ਸ਼ਹਿਰ ਦੇ ਅੰਦਰੂਨੀ ਮੁਹੱਲਿਆਂ ਵਿੱਚ ਸਫ਼ਾਈ ਵਿਵਸਥਾ ਨੂੰ ਸੁਚਾਰੂ ਬਣਾਉਣਾ ਹੈ। ਇਸ ਲਈ ਰੋਡਮੈਪ ਵੀ ਤਿਆਰ ਕੀਤਾ ਗਿਆ ਹੈ ਅਤੇ ਜਲਦ ਹੀ ਇਸ ’ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ਵਿੱਚ ਨਗਰ ਕੌਂਸਲ ਦੇ ਸੀਨੀਅਰ ਉਪ ਪ੍ਰਧਾਨ ਭਗਵਾਨ ਦਾਸ,ਕੌਂਸਲਰ ਰਮੇਸ਼ ਕਟਾਰੀਆ, ਸੀਨੀਅਰ ਭਾਜਪਾ ਆਗੂ ਅਸ਼ੋਕ ਜੈਰਥ,ਕੌਂਸਲਰ ਅੰਕੁਸ਼ ਫੂਟੇਲਾ, ਕੌਂਸਲਰ ਸੁਨੀਲ ਮੈਨੀ ਸਮੇਤ ਹੋਰ ਕੌਂਸਲਰ ਮੌਜੂਦ ਸਨ।