ਫਾਜ਼ਿਲਕਾ ਦੀ ਵੁਮੈਨ ਵੈੱਲਫੇਅਰ ਸੁਸਾਇਟੀ ਵੱਲੋਂ ਜਵਾਨਾਂ ਲਈ ਤਿਆਰ ਕੀਤੀਆਂ ਜਾ ਰਹੀਆਂ ਵਿਸ਼ੇਸ਼ ਰੱਖੜੀਆਂ ਫਾਜ਼ਿਲਕਾ ਦੀ ਵੁਮੈਨ ਵੈਲਫੇਅਰ ਸੋਸਾਇਟੀ ਵੱਲੋਂ ਜਵਾਨਾਂ ਲਈ ਤਿਆਰ ਕੀਤੀਆਂ ਜਾ ਰਹੀਆਂ 1100 ਵਿਸ਼ੇਸ਼ ਰੱਖੜੀਆਂ
Publish Date: Fri, 21 Aug 2026 05:36 PM (IST)
Updated Date: Fri, 21 Aug 2026 05:39 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਦਿਨ-ਰਾਤ ਡਟੇ ਜਵਾਨਾਂ ਦੇ ਸਨਮਾਨ ਵਿੱਚ ਫਾਜ਼ਿਲਕਾ ਦੀ ਵੁਮੈਨ ਵੈਲਫੇਅਰ ਸੋਸਾਇਟੀ ਵੱਲੋਂ 1100 ਵਿਸ਼ੇਸ਼ ਰੱਖੜੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਰੱਖੜੀਆਂ 23 ਅਗਸਤ ਨੂੰ ਆਸਫਵਾਲਾ ਸ਼ਹੀਦੀ ਸਮਾਰਕ ਵਿਖੇ ਕਰਵਾਏ ਜਾ ਰਹੇ ‘ਰੱਖੜੀ ਸਰਹੱਦ ਦੇ ਨਾਮ—ਰਾਸ਼ਟਰ ਰੱਖਿਆ ਦਾ ਸਨਮਾਨ, ਭੈਣਾਂ ਦਾ ਅਭਿਮਾਨ’ ਸਮਾਗਮ ਦੌਰਾਨ ਵੀਰ ਜਵਾਨਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਜਾਣਕਾਰੀ ਦਿੰਦਿਆਂ ਕਰਨ ਗਿਲਹੋਤਰਾ ਨੇ ਦੱਸਿਆ ਕਿ ਇਹ ਸਮਾਗਮ 23 ਅਗਸਤ ਨੂੰ ਸਵੇਰੇ 9:30 ਵਜੇ ਆਸਫਵਾਲਾ ਸ਼ਹੀਦੀ ਸਮਾਰਕ ਵਿਖੇ ਕਰਵਾਇਆ ਜਾਵੇਗਾ। ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਮਾਗਮ ਨੂੰ ਲੈ ਕੇ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੋਸਾਇਟੀ ਦੀਆਂ ਮਹਿਲਾ ਮੈਂਬਰ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਰੱਖੜੀਆਂ ਤਿਆਰ ਕਰਨ ਵਿੱਚ ਜੁਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰੱਖੜੀ ਨਹੀਂ, ਸਗੋਂ ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਸੈਨਿਕਾਂ ਪ੍ਰਤੀ ਭੈਣਾਂ ਦੇ ਸਨੇਹ, ਸਨਮਾਨ ਅਤੇ ਕ੍ਰਿਤਜਤਾ ਦਾ ਪ੍ਰਤੀਕ ਹੈ। ਮਾਈਨਸ ਤਾਪਮਾਨ ਤੋਂ ਤਪਦੀ ਧੁੱਪ ਤੱਕ ਜਵਾਨ ਦਿੰਦੇ ਹਨ ਪਹਿਰਾ : ਸੁਜਾਤਾ ਨਾਰੰਗ ਸੋਸਾਇਟੀ ਦੀ ਪ੍ਰਧਾਨ ਸੁਜਾਤਾ ਨਾਰੰਗ ਨੇ ਕਿਹਾ ਕਿ 1100 ਰੱਖੜੀਆਂ ਉਨ੍ਹਾਂ ਜਵਾਨਾਂ ਦੀਆਂ ਕਲਾਈਆਂ ’ਤੇ ਸਜਣਗੀਆਂ, ਜੋ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਈਨਸ ਤਾਪਮਾਨ ਤੋਂ ਲੈ ਕੇ ਤਪਦੀ ਧੁੱਪ ਤੱਕ ਜਵਾਨ ਸਰਹੱਦ ’ਤੇ ਡਟੇ ਰਹਿੰਦੇ ਹਨ। ਉਨ੍ਹਾਂ ਦੀ ਬਦੌਲਤ ਹੀ ਦੇਸ਼ ਵਾਸੀ ਆਪਣੇ ਘਰਾਂ ਵਿੱਚ ਸੁਰੱਖਿਅਤ ਅਤੇ ਬੇਫਿਕਰ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਰੱਖੜੀਆਂ ਰਾਹੀਂ ਸੋਸਾਇਟੀ ਵੱਲੋਂ ਜਵਾਨਾਂ ਤੱਕ ਦੇਸ਼ ਵਾਸੀਆਂ ਦੇ ਪਿਆਰ ਅਤੇ ਸਨਮਾਨ ਦਾ ਸੰਦੇਸ਼ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸੋਸਾਇਟੀ ਦੀਆਂ ਮੈਂਬਰਾਂ ਨੇ ਕਿਹਾ ਕਿ ਆਸਫਵਾਲਾ ਸ਼ਹੀਦੀ ਸਮਾਰਕ ਵਰਗੇ ਪਵਿੱਤਰ ਸਥਾਨ ’ਤੇ ਦੇਸ਼ ਦੇ ਰੱਖਿਅਕਾਂ ਨੂੰ ਰੱਖੜੀ ਸਮਰਪਿਤ ਕਰਨਾ ਉਨ੍ਹਾਂ ਲਈ ਮਾਣ ਅਤੇ ਭਾਵੁਕਤਾ ਦਾ ਮੌਕਾ ਹੋਵੇਗਾ। ਸਮਾਗਮ ਰਾਹੀਂ ਸਰਹੱਦ ’ਤੇ ਤਾਇਨਾਤ ਹਰ ਜਵਾਨ ਨੂੰ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਦੇਸ਼ ਦੀਆਂ ਭੈਣਾਂ ਦਾ ਸਨੇਹ, ਸਨਮਾਨ ਅਤੇ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਦੇ ਨਾਲ ਹੈ।