ਜ਼ੋਨ ਪੱਧਰੀ ਅੰਗਰੇਜ਼ੀ ਮਾਧਿਅਮ ਸੰਤ ਸਮਾਗਮ ਕਰਵਾਇਆ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਜ਼ੋਨ ਪੱਧਰੀ ਅੰਗਰੇਜ਼ੀ ਮਾਧਿਅਮ ਸੰਤ ਸਮਾਗਮ ਕਰਵਾਇਆ
Publish Date: Sat, 29 Aug 2026 04:57 PM (IST)
Updated Date: Sat, 29 Aug 2026 05:01 PM (IST)
ਫ਼ੋਟੋ ਫ਼ਾਈਲ :11ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਕਰਵਾਏ ਗਏ ਸਮਾਗਮ ਦਾ ਦ੍ਰਿਸ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਪਟਿਆਲਾ ਜ਼ੋਨ ਦਾ ਜ਼ੋਨ ਪੱਧਰੀ ਅੰਗਰੇਜ਼ੀ ਮਾਧਿਅਮ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਸਰਹਿੰਦ ਸਮੇਤ ਸਮੁੱਚੇ ਪਟਿਆਲਾ ਜ਼ੋਨ ਦੀਆਂ 24 ਬ੍ਰਾਂਚਾਂ ਦੇ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਪ੍ਰਚਾਰਕ ਵਜੋਂ ਮਹਾਤਮਾ ਡਾ. ਵਿਸ਼ਵਦੀਪ ਗਾਜ਼ੀਆਬਾਦ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵੱਖ-ਵੱਖ ਬ੍ਰਾਂਚਾਂ ਤੋਂ ਪੁੱਜੇ ਨੌਜਵਾਨਾਂ ਅਤੇ ਸ਼ਰਧਾਲੂਆਂ ਨੇ ਅੰਗਰੇਜ਼ੀ ਭਾਸ਼ਾ ਰਾਹੀਂ ਅਧਿਆਤਮਿਕਤਾ ਦੇ ਵੱਖ-ਵੱਖ ਪਹਿਲੂਆਂ ’ਤੇ ਗੀਤ, ਕਵਿਤਾਵਾਂ, ਭਾਸ਼ਣ, ਨਾਟਕ ਅਤੇ ਸਕਿੱਟਾਂ ਪੇਸ਼ ਕੀਤੀਆਂ। ਇਸ ਦੌਰਾਨ ਅਧਿਆਤਮਿਕ ਗੁਣਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ’ਚ ਜੁੜੀ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਮੁੱਖ ਪ੍ਰਚਾਰਕ ਨੇ ਕਿਹਾ ਕਿ ਸਮੇਂ ਦੇ ਸਤਿਗੁਰੂ ਤੋਂ ਬ੍ਰਹਮ ਗਿਆਨ ਹਾਸਲ ਕਰ ਕੇ ਹੀ ਮਨੁੱਖੀ ਜੀਵਨ ਦਾ ਮਨੋਰਥ ਪੂਰਾ ਹੁੰਦਾ ਹੈ। ਇਸ ਰੂਹਾਨੀ ਪ੍ਰਾਪਤੀ ਦੀ ਜਾਗ੍ਰਿਤੀ ਲਈ ਅਜਿਹੇ ਸਮਾਗਮ ਮਨੁੱਖਤਾ ਲਈ ਵਰਦਾਨ ਸਾਬਤ ਹੁੰਦੇ ਹਨ। ਇਸ ਮੌਕੇ ਸੰਗਰੂਰ ਜ਼ੋਨ ਦੇ ਇੰਚਾਰਜ ਵੀਸੀ ਲੂਥਰਾ, ਜੋ ਕਿ ਪਟਿਆਲਾ ਜ਼ੋਨ ਦੇ ਵਧੀਕ ਇੰਚਾਰਜ ਵੀ ਹਨ, ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੇ ਅਖ਼ੀਰ ’ਚ ਸਥਾਨਕ ਬ੍ਰਾਂਚ ਮੁਖੀ ਰਣਧੀਰ ਸਿੰਘ ਨੇ ਮੁੱਖ ਪ੍ਰਚਾਰਕ ਮਹਾਤਮਾ ਡਾ. ਵਿਸ਼ਵਦੀਪ, ਵੀਸੀ ਲੂਥਰਾ, ਖੇਤਰੀ ਸੰਚਾਲਕ ਸੱਤਪਾਲ ਅਤੇ ਦੂਰ-ਦੁਰਾਡੇ ਤੋਂ ਆਏ ਪ੍ਰਤੀਯੋਗੀਆਂ ਤੇ ਸੰਗਤ ਦਾ ਧੰਨਵਾਦ ਕੀਤਾ।