ਹਾਦਸੇ ’ਚ ਜ਼ਖ਼ਮੀ ਨੌਜਵਾਨ ਇਨਸਾਫ਼ ਲਈ ਕੱਟ ਰਿਹੈ ਥਾਣੇ ਦੇ ਚੱਕਰ ਹਾਦਸੇ ’ਚ ਜ਼ਖ਼ਮੀ ਨੌਜਵਾਨ ਇਨਸਾਫ਼ ਲਈ ਕੱਟ ਰਿਹਾ ਥਾਣੇ ਦੇ ਚੱਕਰ
Publish Date: Thu, 17 Sep 2026 06:04 PM (IST)
Updated Date: Fri, 18 Sep 2026 04:09 AM (IST)
ਫ਼ੋਟੋ ਫ਼ਾਈਲ : 9 ਫ਼ੋਟੋ ਕੈਪਸ਼ਨ: ਰੱਬੀ ਕੁਮਾਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸੜਕ ਹਾਦਸੇ ’ਚ ਜ਼ਖ਼ਮੀ ਹੋਇਆ ਨੌਜਵਾਨ ਕਾਰਵਾਈ ਲਈ ਥਾਣਾ ਫਤਹਿਗੜ੍ਹ ਸਾਹਿਬ ਦੇ ਚੱਕਰ ਕੱਟਣ ਲਈ ਮਜਬੂਰ ਹੈ। 16 ਦਿਨ ਬੀਤਣ ਮਗਰੋਂ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਪੀੜਤ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਰਾਮਦਾਸ ਨਗਰ ਸਰਹਿੰਦ ਦੇ ਵਸਨੀਕ ਰਬੀ ਪ੍ਰਤਾਪ ਪੁੱਤਰ ਛੋਟੇ ਲਾਲ ਨੇ ਦੱਸਿਆ ਕਿ ਬੀਤੀ 1 ਸਤੰਬਰ 2026 ਨੂੰ ਸਰਹਿੰਦ ਤੋਂ ਫਤਹਿਗੜ੍ਹ ਸਾਹਿਬ ਜਾਂਦੇ ਸਮੇਂ ਜੋਤੀ ਸਰੂਪ ਮੋੜ ਨੇੜੇ ਇਕ ਖੜ੍ਹੀ ਕਾਰ ਦੇ ਚਾਲਕ ਨੇ ਅਚਾਨਕ ਤਾਕੀ ਖੋਲ੍ਹ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ। ਕਾਰ ਚਾਲਕ ਉਸ ਨੂੰ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਮੁੱਢਲੀ ਸਹਾਇਤਾ ਮਗਰੋਂ ਐਮਆਰਆਈ ਰਿਪੋਰਟ ’ਚ ਗੋਡੇ ਦਾ ਲਿਗਾਮੈਂਟ ਟੁੱਟਣ ਕਾਰਨ ਸਰਜਰੀ ਜ਼ਰੂਰੀ ਦੱਸੀ ਗਈ। ਇਸ ਦੌਰਾਨ ਕਾਰ ਚਾਲਕ ਉੱਥੋਂ ਚਲਾ ਗਿਆ ਤੇ ਫ਼ੋਨ ਚੁੱਕਣਾ ਵੀ ਬੰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਗ਼ਰੀਬ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਹ ਇਲਾਜ ਦਾ ਖ਼ਰਚਾ ਚੁੱਕਣ ਤੋਂ ਅਸਮਰੱਥ ਹੈ ਅਤੇ ਬੀਮਾ ਪਾਲਿਸੀ ਰਾਹੀਂ ਇਲਾਜ ਵੀ ਪੁਲਿਸ ਕਾਰਵਾਈ ਤੋਂ ਬਾਅਦ ਹੀ ਸੰਭਵ ਹੈ। ਦੂਜੇ ਪਾਸੇ ਸੰਪਰਕ ਕਰਨ ’ਤੇ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਅਤੇ ਪੜਤਾਲ ਦੌਰਾਨ ਰਵੀ ਪ੍ਰਤਾਪ ਦੀ ਗ਼ਲਤੀ ਸਾਹਮਣੇ ਆਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਬਣਦੀ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇਗਾ।