ਤਿਉਹਾਰਾਂ ’ਚ ਤੁਹਾਡੀ ਸਿਹਤ ਨਾਲ ਖਿਲਵਾੜ! ਫ਼ਤਹਿਗੜ੍ਹ ਸਾਹਿਬ ’ਚ 11 ਖਾਦ ਪਦਾਰਥਾਂ ਦੇ ਸੈਂਪਲ ਫ਼ੇਲ੍ਹ, ਮਠਿਆਈ ਖਾਣ ਤੋਂ ਪਹਿਲਾਂ ਕਰੋ ਅਸਲੀ-ਨਕਲੀ ਦੀ ਜਾਂਚ
ਇਸ ਸਬੰਧ ਵਿੱਚ, ਅੰਤਰਰਾਜੀ ਅਤੇ ਅੰਤਰ-ਜ਼ਿਲ੍ਹਾ ਸਰਹੱਦਾਂ 'ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਦੂਜੇ ਖੇਤਰਾਂ ਤੋਂ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਜ਼ਿਲ੍ਹੇ ਭਰ ਵਿੱਚ ਮਠਿਆਈਆਂ, ਡੇਅਰੀ ਉਤਪਾਦਾਂ, ਬੇਕਰੀਆਂ, ਬਿਸਕੁਟ, ਸਨੈਕਸ ਅਤੇ ਕਰਿਆਨੇ ਦੀਆਂ ਦੁਕਾਨਾਂ ਦੇ ਨਾਲ-ਨਾਲ ਭੋਜਨ ਨਿਰਮਾਣ ਫੈਕਟਰੀਆਂ ਦੀ ਅਚਨਚੇਤ ਜਾਂਚ ਕਰ ਰਹੀਆਂ ਹਨ।
Publish Date: Mon, 12 Oct 2026 04:03 PM (IST)
Updated Date: Mon, 12 Oct 2026 04:06 PM (IST)
ਨਵਨੀਤ ਛਿੱਬਰ, ਫ਼ਤਹਿਗੜ੍ਹ ਸਾਹਿਬ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਬਾਜ਼ਾਰ ’ਚ ਮਿਲਾਵਟੀ ਮਠਿਆਈਆਂ ਅਤੇ ਘਟੀਆ ਖ਼ਾਦ ਪਦਾਰਥਾਂ ਦੀ ਵਿਕਰੀ ਰੋਕਣ ਲਈ ਖ਼ਾਦ ਸੁਰੱਖਿਆ ਵਿਭਾਗ ਹਰਕਤ ਵਿੱਚ ਆ ਗਿਆ ਹੈ। ਜ਼ਿਲ੍ਹੇ ਵਿੱਚ ਸ਼ੁੱਧ ਅਤੇ ਸੁਰੱਖਿਅਤ ਖ਼ਾਦ ਸਮੱਗਰੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਵਿਭਾਗ ਨੇ ਵਿਸ਼ੇਸ਼ ਜਾਂਚ ਮੁਹਿੰਮ (ਸਪੈਸ਼ਲ ਡਰਾਈਵ) ਤੇਜ਼ ਕਰ ਦਿੱਤੀ ਹੈ।
ਇਸ ਸਬੰਧ ਵਿੱਚ, ਅੰਤਰਰਾਜੀ ਅਤੇ ਅੰਤਰ-ਜ਼ਿਲ੍ਹਾ ਸਰਹੱਦਾਂ 'ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਅਤੇ ਦੂਜੇ ਖੇਤਰਾਂ ਤੋਂ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਜ਼ਿਲ੍ਹੇ ਭਰ ਵਿੱਚ ਮਠਿਆਈਆਂ, ਡੇਅਰੀ ਉਤਪਾਦਾਂ, ਬੇਕਰੀਆਂ, ਬਿਸਕੁਟ, ਸਨੈਕਸ ਅਤੇ ਕਰਿਆਨੇ ਦੀਆਂ ਦੁਕਾਨਾਂ ਦੇ ਨਾਲ-ਨਾਲ ਭੋਜਨ ਨਿਰਮਾਣ ਫੈਕਟਰੀਆਂ ਦੀ ਅਚਨਚੇਤ ਜਾਂਚ ਕਰ ਰਹੀਆਂ ਹਨ।
23 ’ਚੋਂ 11 ਸੈਂਪਲ ਫ਼ੇਲ੍ਹ
ਕਾਰਵਾਈ ਦੇ ਅੰਕੜਿਆਂ ਦੀ ਜਾਣਕਾਰੀ ਦਿੰਦਿਆਂ ਖ਼ਾਦ ਸੁਰੱਖਿਆ ਅਧਿਕਾਰੀ ਸੰਦੀਪ ਸਿੰਘ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਜ਼ਿਲ੍ਹੇ ਭਰ ਵਿੱਚੋਂ ਮਠਿਆਈ, ਦੁੱਧ, ਬੇਕਰੀ ਅਤੇ ਕਰਿਆਨੇ ਦੇ ਸਾਮਾਨ ਦੇ ਕੁਝ 23 ਸੈਂਪਲ ਲਏ ਗਏ ਸਨ। ਜਾਂਚ ਰਿਪੋਰਟ ਵਿੱਚ ਚਿੰਤਾਜਨਕ ਸਥਿਤੀ ਸਾਹਮਣੇ ਆਈ ਹੈ। 23 ਵਿੱਚੋਂ 11 ਸੈਂਪਲ ਫ਼ੇਲ੍ਹ (ਮਿਆਰਾਂ 'ਤੇ ਖ਼ਰੇ ਨਹੀਂ ਉਤਰੇ) ਮਿਲੇ ਹਨ, ਜਦੋਂ ਕਿ 5 ਸੈਂਪਲ ਹੀ ਪਾਸ ਹੋਏ ਹਨ ਅਤੇ 7 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਪਾਰੀਆਂ ਅਤੇ ਨਿਰਮਾਤਾਵਾਂ ਦੇ ਸੈਂਪਲ ਫ਼ੇਲ੍ਹ ਹੋਏ ਹਨ, ਉਨ੍ਹਾਂ ਨੂੰ ਨਿਯਮਾਂ ਅਨੁਸਾਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸਹਾਇਕ ਕਮਿਸ਼ਨਰ (ਖ਼ਾਦ ਸੁਰੱਖਿਆ) ਰਾਖੀ ਵਿਨਾਇਕ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ।
ਪਿਛਲੇ ਹਫ਼ਤੇ ਵੀ ਟੀਮ ਨੇ ਨਾਕਾਬੰਦੀ ਦੌਰਾਨ 5 ਸੈਂਪਲ ਲੈ ਕੇ ਲੈਬ ਜਾਂਚ ਲਈ ਭੇਜੇ ਹਨ, ਜਿਨ੍ਹਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਤਿਉਹਾਰੀ ਸੀਜ਼ਨ ਦੌਰਾਨ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ।
ਤਿਉਹਾਰਾਂ ’ਚ ਇੰਝ ਪਛਾਣੋ ਅਸਲੀ-ਨਕਲੀ ਸਾਮਾਨ
ਤਿਉਹਾਰੀ ਖ਼ਰੀਦਦਾਰੀ ਦੌਰਾਨ ਥੋੜ੍ਹਾ ਜਿਹਾ ਸੁਚੇਤ ਰਹਿ ਕੇ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੁਰੱਖਿਆ ਕਰ ਸਕਦੇ ਹੋ।
ਮਾਵਾ/ਖੋਏ ਦੀ ਸ਼ੁੱਧਤਾ ਜਾਂਚੋ: ਆਪਣੀ ਹਥੇਲੀ 'ਤੇ ਥੋੜ੍ਹਾ ਜਿਹਾ ਮਾਵਾ ਰਗੜੋ। ਜੇਕਰ ਇਸ ਵਿੱਚੋਂ ਘਿਓ ਦੀ ਮਹਿਕ ਆਵੇ ਅਤੇ ਸਵਾਦ ਵਿੱਚ ਮਿਠਾਸ ਲੱਗੇ ਤਾਂ ਇਹ ਸ਼ੁੱਧ ਹੈ। ਆਇਓਡੀਨ ਦੀਆਂ ਦੋ ਬੂੰਦਾਂ ਪਾਉਣ 'ਤੇ ਜੇਕਰ ਮਾਵਾ ਨੀਲਾ ਪੈ ਜਾਵੇ ਤਾਂ ਇਸ ਵਿੱਚ ਸਟਾਰਚ (ਮਿਲਾਵਟ) ਹੈ।
ਚਾਂਦੀ ਦਾ ਵਰਕ: ਚਾਂਦੀ ਦੇ ਵਰਕ ਨੂੰ ਉਂਗਲਾਂ ਦੇ ਵਿਚਕਾਰ ਰਗੜੋ। ਜੇਕਰ ਇਹ ਆਸਾਨੀ ਨਾਲ ਗਾਇਬ ਹੋ ਜਾਵੇ ਤਾਂ ਅਸਲੀ ਹੈ ਪਰ ਜੇਕਰ ਇਹ ਐਲੂਮੀਨੀਅਮ ਦੀ ਤਰ੍ਹਾਂ ਇਕੱਠਾ ਹੋ ਕੇ ਗੇਂਦ ਵਰਗਾ ਬਣ ਜਾਵੇ ਤਾਂ ਇਹ ਮਿਲਾਵਟੀ ਹੈ।
ਦੁੱਧ ’ਚ ਸਿੰਥੈਟਿਕ ਦੀ ਪਛਾਣ: ਥੋੜ੍ਹੇ ਜਿਹੇ ਦੁੱਧ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਮਿਲਾ ਕੇ ਹਿਲਾਓ। ਜੇਕਰ ਜ਼ਿਆਦਾ ਝੱਗ ਬਣੇ ਤਾਂ ਦੁੱਧ ਵਿੱਚ ਡਿਟਰਜੈਂਟ ਜਾਂ ਸਿੰਥੈਟਿਕ ਕੈਮੀਕਲ ਦੀ ਮਿਲਾਵਟ ਹੋ ਸਕਦੀ ਹੈ।
ਜਾਗਰੂਕ ਬਣੋ: ਸਿਰਫ਼ ਰਜਿਸਟਰਡ ਜਾਂ ਲਾਇਸੈਂਸ ਪ੍ਰਾਪਤ ਦੁਕਾਨਾਂ ਤੋਂ ਹੀ ਮਠਿਆਈਆਂ ਅਤੇ ਖ਼ਾਦ ਸਮੱਗਰੀ ਖ਼ਰੀਦੋ। ਬਾਸੀ ਜਾਂ ਬਹੁਤ ਜ਼ਿਆਦਾ ਰੰਗ-ਬਰੰਗੀਆਂ ਮਠਿਆਈਆਂ ਖ਼ਰੀਦਣ ਤੋਂ ਬਚੋ।