- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ’ਚ ਵਰਲਡ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਜਿੱਤੇ ਚਾਰ ਤਗ਼ਮੇ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਗੱਤਕਾ ਖਿਡਾਰੀਆਂ ਨੇ ਸ੍ਰੀਨਗਰ ਵਿਖੇ ਕਰਵਾਈ ਗਈ 10ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਤਮਗੇ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ 29 ਸਤੰਬਰ ਤੋਂ 1 ਅਕਤੂਬਰ ਤੱਕ ਸ਼ੇਰ-ਏ-ਕਸ਼ਮੀਰ ਇੰਡੋਰ ਸਟੇਡੀਅਮ, ਸ੍ਰੀਨਗਰ ਵਿਖੇ ਕਰਵਾਈ ਗਈ ਚੈਂਪੀਅਨਸ਼ਿਪ ’ਚ ਦੇਸ਼ ਭਰ ਤੋਂ 500 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਦੌਰਾਨ ਯੂਨੀਵਰਸਿਟੀ ਦੇ ਚਾਰ ਖਿਡਾਰੀਆਂ ਨੇ ਆਪਣੀਆਂ ਸੂਬਾਈ ਟੀਮਾਂ ਦੀ ਨੁਮਾਇੰਦਗੀ ਕਰਦਿਆਂ 1 ਸੋਨੇ, 2 ਚਾਂਦੀ ਤੇ 1 ਕਾਂਸੀ ਦਾ ਤਮਗਾ ਹਾਸਲ ਕੀਤਾ। ਬੀਪੀਈਐਸ ਪਹਿਲੇ ਸਾਲ ਦੇ ਵਿਦਿਆਰਥੀ ਅਗਮਜੋਤ ਸਿੰਘ ਨੇ ਸੋਨੇ ਦਾ ਤਮਗਾ, ਡਿਪਲੋਮਾ ਇਨ ਗੱਤਕਾ ਦੇ ਵਿਦਿਆਰਥੀ ਜੀਵਨਜੋਤ ਸਿੰਘ ਤੇ ਬੀਸੀਏ ਪਹਿਲੇ ਸਾਲ ਦੇ ਵਿਦਿਆਰਥੀ ਜੁਗਜੀਤ ਸਿੰਘ ਨੇ ਚਾਂਦੀ ਦੇ ਤਮਗੇ ਜਿੱਤੇ, ਜਦਕਿ ਐਮਪੀਐਡ ਫਾਈਨਲ ਸਾਲ ਦੇ ਵਿਦਿਆਰਥੀ ਹਰਲੀਨ ਸਿੰਘ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਖਿਡਾਰੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਐਸਪੀ ਸਿੰਘ ਓਬਰਾਏ ਦੇ ਸਹਿਯੋਗ ਨਾਲ ਯੂਨੀਵਰਸਿਟੀ ’ਚ ਇੱਕ ਸਾਲਾ ਡਿਪਲੋਮਾ ਇਨ ਗੱਤਕਾ ਕੋਰਸ ਵੀ ਚਲਾਇਆ ਜਾ ਰਿਹਾ ਹੈ। ਇਸ ਕੋਰਸ ਰਾਹੀਂ ਨੌਜਵਾਨਾਂ ਨੂੰ ਗੱਤਕੇ ਦੀ ਸਿਖਲਾਈ ਦੇ ਕੇ ਸਿੱਖ ਮਾਰਸ਼ਲ ਆਰਟ ਦੀ ਵਿਰਾਸਤ ਨਾਲ ਜੋੜਿਆ ਜਾ ਰਿਹਾ ਹੈ। ਵਾਈਸ ਚਾਂਸਲਰ ਵੱਲੋਂ ਵਿਭਾਗ ਮੁਖੀ ਡਾ. ਵਰਿੰਦਰ ਸਿੰਘ ਭੁੱਲਰ, ਖਿਡਾਰੀਆਂ ਅਤੇ ਕੋਚ ਤਲਵਿੰਦਰ ਸਿੰਘ ਨੂੰ ਵੀ ਵਧਾਈ ਦਿੱਤੀ ਗਈ। ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ, ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਰਮਨਦੀਪ ਕੌਰ, ਡਾ. ਬਹਾਦਰ ਸਿੰਘ ਅਤੇ ਕੋਚ ਤਲਵਿੰਦਰ ਸਿੰਘ ਮੌਜੂਦ ਸਨ।