- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਲਡ ਯੂਨੀਵਰਸਿਟੀ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਮਿੰਨੀ ਮੈਰਾਥਨ ਕਰਵਾਈ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ’ ਮੁਹਿੰਮ ਤਹਿਤ 3.5 ਕਿਲੋਮੀਟਰ ਦੀ ਮਿੰਨੀ ਮੈਰਾਥਨ ਕਰਵਾਈ ਗਈ। ਇਸ ਮੌਕੇ ਲਗਭਗ 250 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਨੌਜਵਾਨ ਦੇਸ਼ ਦੇ ਵਿਕਾਸ ਦੀ ਅਸਲ ਤਾਕਤ ਹਨ ਤੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਤੇ ਸਾਰਥਕ ਸਰਗਰਮੀਆਂ ਵੱਲ ਸੇਧਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਖੇਡਾਂ ਨੂੰ ਅਨੁਸ਼ਾਸਨ, ਪੱਕੇ ਇਰਾਦੇ ਅਤੇ ਸਿਹਤਮੰਦ ਜੀਵਨ ਜਾਚ ਦੇ ਵਿਕਾਸ ਦਾ ਅਹਿਮ ਸਾਧਨ ਦੱਸਦਿਆਂ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ’ਚ ਵਿਦਿਅਕ ਸੰਸਥਾਵਾਂ ਦੀ ਭੂਮਿਕਾ ’ਤੇ ਚਾਨਣਾ ਪਾਇਆ। ਸਮਾਗਮ ਦਾ ਤਾਲਮੇਲ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਹਰਨੀਤ ਬਿਲਿੰਗ ਵੱਲੋਂ ਕੀਤਾ ਗਿਆ, ਜਦਕਿ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਡਾ. ਬਹਾਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ਦੀ ਰਗਬੀ ਖਿਡਾਰਨ ਅਤੇ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਅਮਨਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਸਿਕੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਭਰਿਆ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ, ਜਦਕਿ ਅਮਨਦੀਪ ਕੌਰ ਨੇ ਖੇਡਾਂ, ਪੱਕੇ ਇਰਾਦੇ ਅਤੇ ਸਵੈ-ਅਨੁਸ਼ਾਸਨ ਦੀ ਅਹਿਮੀਅਤ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਹਰਨੀਤ ਬਿਲਿੰਗ ਨੇ ਨੌਜਵਾਨਾਂ ’ਚ ਸਮਾਜਕ ਚੇਤਨਾ ਪੈਦਾ ਕਰਨ ’ਚ ਰਾਸ਼ਟਰੀ ਸੇਵਾ ਯੋਜਨਾ ਦੀ ਭੂਮਿਕਾ ਬਾਰੇ ਦੱਸਿਆ। ਲੜਕਿਆਂ ਦੇ ਵਰਗ ’ਚ ਸੁਖਵਿੰਦਰ ਸਿੰਘ, ਮਨਜੋਤ ਸਿੰਘ ਅਤੇ ਸਾਹਿਬ ਸਿੰਘ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ, ਜਦਕਿ ਲੜਕੀਆਂ ਦੇ ਵਰਗ ’ਚ ਕਰਮਜੀਤ ਕੌਰ, ਨੀਤੂ ਅਤੇ ਸੁਮਨਦੀਪ ਕੌਰ ਜੇਤੂ ਰਹੀਆਂ। ਮੈਰਾਥਨ ਦੀ ਸਮਾਪਤੀ ਨਸ਼ਿਆਂ ਤੋਂ ਦੂਰ ਰਹਿਣ, ਤੰਦਰੁਸਤੀ ਅਪਣਾਉਣ ਅਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣ ਦੇ ਸਾਂਝੇ ਸੁਨੇਹੇ ਨਾਲ ਹੋਈ।