- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਹਸਪਤਾਲ ’ਚ ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ ਮਨਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟਰ ਡਾ. ਹਤਿੰਦਰ ਕੌਰ ਅਤੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ ਮਨਾਇਆ ਗਿਆ। ਇਸ ਵਰ੍ਹੇ ਦਾ ਥੀਮ ‘ਖ਼ੁਦਕੁਸ਼ੀ ਬਾਰੇ ਨਜ਼ਰੀਆ ਬਦਲਣਾ’ ਅਤੇ ਮੁੱਖ ਨਾਅਰਾ ‘ਗੱਲਬਾਤ ਸ਼ੁਰੂ ਕਰੋ’ ਰੱਖਿਆ ਗਿਆ ਹੈ, ਜਿਸ ਦਾ ਮੁੱਖ ਮਕਸਦ ਮਾਨਸਿਕ ਸਿਹਤ ਪ੍ਰਤੀ ਸਮਾਜਿਕ ਝਿਜਕ ਤੋੜ ਕੇ ਖੁੱਲ੍ਹ ਕੇ ਗੱਲ ਕਰਨ ਦਾ ਮਾਹੌਲ ਬਣਾਉਣਾ ਹੈ। ਮਾਨਸਿਕ ਰੋਗਾਂ ਦੀ ਮਾਹਰ ਡਾ. ਸਨਪ੍ਰੀਤ ਕੌਰ ਨੇ ਕਿਹਾ ਕਿ ਖ਼ੁਦਕੁਸ਼ੀ ਗੰਭੀਰ ਚੁਣੌਤੀ ਹੈ, ਪਰ ਸਹੀ ਸਮੇਂ ’ਤੇ ਮਦਦ ਮਿਲਣ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਉਦਾਸੀ, ਇਕੱਲਾਪਣ, ਚਿੰਤਾ, ਬੇਚੈਨੀ, ਨੀਂਦ ਨਾ ਆਉਣਾ ਅਤੇ ਨਿਰਾਸ਼ਾਜਨਕ ਗੱਲਾਂ ਵਰਗੇ ਲੱਛਣਾਂ ਦੀ ਪਛਾਣ ਕਰ ਕੇ ਪੀੜਤ ਵਿਅਕਤੀ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਪਰੇਸ਼ਾਨ ਵਿਅਕਤੀ ਦੀ ਗੱਲ ਧਿਆਨ ਨਾਲ ਸੁਣਨ, ਉਸ ਨੂੰ ਇਕੱਲਾ ਨਾ ਛੱਡਣ ਅਤੇ ਲੰਬੇ ਸਮੇਂ ਦੀ ਉਦਾਸੀ ਲਈ ਮਾਹਰ ਦੀ ਸਲਾਹ ਲੈਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਮਾਨਸਿਕ ਸਮੱਸਿਆ ਦੇ ਹੱਲ ਲਈ ਟੋਲ ਫ਼ਰੀ ਨੰਬਰ 14416 ਜਾਂ 1800-89-14416 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਕੌਂਸਲਰ ਗੁਰਦੀਪ ਸਿੰਘ, ਸਾਈਕੋਲੋਜਿਸਟ ਸਿਮਰਨ ਕੌਰ, ਸਟਾਫ਼ ਨਰਸ ਮਨਦੀਪ ਕੌਰ ਅਤੇ ਪੀਐੱਸਡਬਲਿਊ ਮੌਨਿਕਾ ਗੁਪਤਾ ਮੌਜੂਦ ਸਨ।