ਪੀਆਈਐਮਟੀ ਵਿਖੇ ਸਾਈਬਰ ਸੁਰੱਖਿਆ ਅਤੇ ਏਆਈ ’ਤੇ ਵਰਕਸ਼ਾਪ ਪੀਆਈਐਮਟੀ ਵਿਖੇ ਸਾਈਬਰ ਸੁਰੱਖਿਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਵਰਕਸ਼ਾਪ ਕਰਵਾਈ
Publish Date: Fri, 16 Oct 2026 06:03 PM (IST)
Updated Date: Fri, 16 Oct 2026 06:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਪੀਆਈਐਮਟੀ) ਅਲੌੜ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਵੱਲੋਂ ਵੀਆਈਕਿਊ ਟੈਕਨਾਲੋਜੀਜ਼ ਦੇ ਸਹਿਯੋਗ ਨਾਲ ‘ਸਾਈਬਰ ਹਮਲੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸਾਈਬਰ ਸੁਰੱਖਿਆ’ ਵਿਸ਼ੇ ’ਤੇ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਾਈਬਰ ਹਮਲਿਆਂ, ਆਨਲਾਈਨ ਧੋਖਾਧੜੀ, ਡਿਜੀਟਲ ਸੁਰੱਖਿਆ ਤੇ ਸਾਈਬਰ ਖ਼ਤਰਿਆਂ ਤੋਂ ਬਚਾਅ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਬਾਰੇ ਜਾਗਰੂਕ ਕਰਨਾ ਸੀ। ਇਸ ਦੌਰਾਨ ਬੀਸੀਏ ਅਤੇ ਐਮਸੀਏ ਦੇ ਵਿਦਿਆਰਥੀ ਹਾਜ਼ਰ ਸਨ। ਵਰਕਸ਼ਾਪ ਦੌਰਾਨ ਵੀਆਈਕਿਊ ਟੈਕਨਾਲੋਜੀਜ਼ ਦੇ ਐਮਡੀ ਆਸ਼ੀਸ਼ ਜਲੋਟਾ, ਵਿਸ਼ਾਲ ਤੇ ਏਆਈਐਮਐਲ ਮਾਹਿਰ ਤਨਵੀ ਤੇ ਸੁਮਿਤ ਨੇ ਬਤੌਰ ਸਰੋਤ ਵਿਅਕਤੀ ਸ਼ਿਰਕਤ ਕੀਤੀ। ਮਾਹਿਰਾਂ ਨੇ ਵਿਦਿਆਰਥੀਆਂ ਨੂੰ ਹੈਕਿੰਗ, ਫਿਸ਼ਿੰਗ, ਡੇਟਾ ਚੋਰੀ, ਆਨਲਾਈਨ ਧੋਖਾਧੜੀ ਅਤੇ ਨਿੱਜੀ ਜਾਣਕਾਰੀ ਦੀ ਸੁਰੱਖਿਆ ਬਾਰੇ ਅਹਿਮ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਕਰਨ ਅਤੇ ਡਿਜੀਟਲ ਪ੍ਰਣਾਲੀਆਂ ਨੂੰ ਸੁਰੱਖਿਅਤ ਬਣਾਉਣ ਲਈ ਏਆਈ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਮਜ਼ਬੂਤ ਪਾਸਵਰਡ ਬਣਾਉਣ, ਮਲਟੀ-ਫੈਕਟਰ ਪ੍ਰਮਾਣਿਕਤਾ ਅਪਣਾਉਣ ਅਤੇ ਇੰਟਰਨੈੱਟ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੰਸਥਾ ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਆਏ ਹੋਏ ਮਾਹਿਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਸਿਧਾਂਤਕ ਦੇ ਨਾਲ-ਨਾਲ ਵਿਹਾਰਕ ਗਿਆਨ ਵੀ ਮੁਹੱਈਆ ਕਰਵਾਉਂਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਭਵਿੱਖ ਦੀਆਂ ਤਕਨੀਕੀ ਚੁਣੌਤੀਆਂ ਲਈ ਤਿਆਰ ਹੋਣ ’ਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਿਦਿਆਰਥੀਆਂ ਦੇ ਹੁਨਰ ਵਿਕਾਸ ਅਤੇ ਤਕਨੀਕੀ ਮੁਹਾਰਤ ਨੂੰ ਵਧਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ।