- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਪੋਲੀਟੈਕਨਿਕ ਕਾਲਜ ਰਾਣਵਾਂ ਵਿਖੇ ਏਆਈ ਅਤੇ ਡਿਜੀਟਲ ਮਾਰਕੀਟਿੰਗ ’ਤੇ ਵਰਕਸ਼ਾਪ ਕਰਵਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਸਰਕਾਰੀ ਪੋਲੀਟੈਕਨਿਕ ਕਾਲਜ ਰਾਣਵਾਂ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਈ) ਵਿਭਾਗ ਵੱਲੋਂ ਥਿੰਕਨੈਕਸਟ ਟੈਕਨਾਲੋਜੀਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ‘ਡਿਜੀਟਲ ਮਾਰਕੀਟਿੰਗ ਯੂਜ਼ਿੰਗ ਏਆਈ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਡਿਜੀਟਲ ਮਾਰਕੀਟਿੰਗ ਦੀ ਅਮਲੀ ਜਾਣਕਾਰੀ ਦੇਣਾ ਅਤੇ ਮਾਰਕੀਟਿੰਗ ਖੇਤਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਧ ਰਹੀ ਭੂਮਿਕਾ ਤੋਂ ਜਾਣੂ ਕਰਵਾਉਣਾ ਸੀ। ਇਹ ਵਰਕਸ਼ਾਪ ਵਿਸ਼ੇਸ਼ ਤੌਰ ’ਤੇ ਸੀਐੱਸਈ, ਐੱਮਈ, ਈਸੀਈ ਤੇ ਈਈ ਬ੍ਰਾਂਚਾਂ ਦੇ ਫਾਈਨਲ ਈਅਰ ਅਤੇ ਪ੍ਰੀ-ਫਾਈਨਲ ਈਅਰ ਦੇ ਡਿਪਲੋਮਾ ਵਿਦਿਆਰਥੀਆਂ ਲਈ ਉਲੀਕੀ ਗਈ ਸੀ। ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਇੰਡਸਟਰੀ ਦੇ ਮੌਜੂਦਾ ਤੌਰ-ਤਰੀਕਿਆਂ, ਏਆਈ-ਅਧਾਰਿਤ ਡਿਜੀਟਲ ਮਾਰਕੀਟਿੰਗ ਟੂਲਜ਼, ਸਮੱਗਰੀ ਤਿਆਰ ਕਰਨ ਦੀਆਂ ਤਕਨੀਕਾਂ, ਸੋਸ਼ਲ ਮੀਡੀਆ ਮਾਰਕੀਟਿੰਗ ਰਣਨੀਤੀਆਂ ਅਤੇ ਐੱਸਈਓ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਗਾਹਕਾਂ ਨਾਲ ਤਾਲਮੇਲ ਵਧਾਉਣ ਅਤੇ ਮਾਰਕੀਟ ਰਿਸਰਚ ’ਚ ਏਆਈ ਟੂਲਜ਼ ਦੀ ਵਰਤੋਂ ਦਾ ਅਮਲੀ ਪ੍ਰਦਰਸ਼ਨ ਵੀ ਕੀਤਾ ਗਿਆ, ਤਾਂ ਜੋ ਵਿਦਿਆਰਥੀ ਪੜ੍ਹਾਈ ਅਤੇ ਇੰਡਸਟਰੀ ਦੀਆਂ ਲੋੜਾਂ ਵਿਚਕਾਰਲੇ ਪਾੜੇ ਨੂੰ ਖ਼ਤਮ ਕਰਕੇ ਰੋਜ਼ਗਾਰ ਦੇ ਬਿਹਤਰ ਮੌਕੇ ਹਾਸਲ ਕਰ ਸਕਣ। ਸਮਾਗਮ ਦੀ ਸ਼ੁਰੂਆਤ ਮਹਿਮਾਨਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਨਿੱਘੇ ਸਵਾਗਤ ਨਾਲ ਹੋਈ। ਕਾਲਜ ਪ੍ਰਿੰਸੀਪਲ ਪ੍ਰਵੀਨ ਕੌਰ ਨੇ ਵਿਭਾਗ ਅਤੇ ਵਿਦਿਆਰਥੀਆਂ ਨੂੰ ਅਜਿਹੇ ਉਦਯੋਗ-ਮੁਖੀ ਪ੍ਰੋਗਰਾਮਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਥਿੰਕਨੈਕਸਟ ਟੈਕਨਾਲੋਜੀਜ਼ ਤੋਂ ਆਏ ਡਿਜੀਟਲ ਮਾਰਕੀਟਿੰਗ ਮਾਹਿਰ ਵਿਸ਼ਾਲ ਗੁਪਤਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਲਈ ਸਿੱਖਣ ਦਾ ਵਧੀਆ ਮਾਹੌਲ ਸਿਰਜਿਆ। ਅਖ਼ੀਰ ’ਚ ਵਿਭਾਗ ਵੱਲੋਂ ਕਾਲਜ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ’ਚ ਵੀ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਅਜਿਹੇ ਸੈਮੀਨਾਰ ਤੇ ਸਿਖਲਾਈ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਦੁਹਰਾਈ ਗਈ।