- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਬੀਯੂ ’ਚ ਪ੍ਰਸ਼ਾਸਕੀ ਕਰਮਚਾਰੀਆਂ ਦੇ ਹੁਨਰ ਨਿਖਾਰਨ ਲਈ ਵਰਕਸ਼ਾਪ ਕਰਵਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਵੱਲੋਂ ਆਈਕਿਊਏਸੀ ਦੇ ਸਹਿਯੋਗ ਨਾਲ ਪ੍ਰਸ਼ਾਸਕੀ ਕਰਮਚਾਰੀਆਂ ਲਈ ‘ਲੋਕ-ਸੰਪਰਕ ਅਤੇ ਸਵਾਗਤ-ਕਾਊਂਟਰ ਦੇ ਹੁਨਰ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਇਸ ਦਾ ਮੁੱਖ ਮਕਸਦ ਕਰਮਚਾਰੀਆਂ ਦੇ ਪੇਸ਼ੇਵਰ ਸੰਚਾਰ, ਵਿਹਾਰਕ ਹੁਨਰ ਅਤੇ ਸੇਵਾ ਸਮਰੱਥਾ ਨੂੰ ਨਿਖਾਰਣਾ ਸੀ। ਵਰਕਸ਼ਾਪ ਦਾ ਸੰਚਾਲਨ ਸਹਾਇਕ ਪ੍ਰੋਫੈਸਰ ਗੁਰਕੀਰਨ ਸਿੰਘ ਮਾਨ ਨੇ ਕੀਤਾ। ਉਨ੍ਹਾਂ ਨੇ ਵਿੱਦਿਅਕ ਅਦਾਰੇ ਅੰਦਰ ਸੁਚੱਜੇ ਸੰਚਾਰ ਅਤੇ ਸਵਾਗਤ-ਕਾਊਂਟਰ ਦੇ ਪ੍ਰਬੰਧ ਦੀ ਅਹਿਮੀਅਤ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਕੀ ਕਰਮਚਾਰੀ ਹੀ ਵਿਦਿਆਰਥੀਆਂ, ਮਾਪਿਆਂ ਤੇ ਮਹਿਮਾਨਾਂ ਨਾਲ ਸੰਪਰਕ ਦਾ ਪਹਿਲਾ ਜ਼ਰੀਆ ਹੁੰਦੇ ਹਨ, ਇਸ ਲਈ ਉਨ੍ਹਾਂ ਦਾ ਵਿਹਾਰ ਅਤੇ ਗੱਲਬਾਤ ਦਾ ਢੰਗ ਯੂਨੀਵਰਸਿਟੀ ਦਾ ਅਕਸ ਬਣਾਉਣ ਵਿੱਚ ਅਹਿਮ ਹੁੰਦਾ ਹੈ। ਉਨ੍ਹਾਂ ਨੇ ਸਟਾਫ਼ ਨੂੰ ਨਿਮਰਤਾ ਅਤੇ ਸੇਵਾ-ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਹ ਵਰਕਸ਼ਾਪ ਸਕੂਲ ਦੇ ਡਾਇਰੈਕਟਰ ਡਾ. ਅਮਨ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਗਈ, ਜਿਸ ਵਿੱਚ ਸ਼ੈੱਫ ਡਾ. ਰੁਪਿੰਦਰ ਕੌਰ, ਸ੍ਰਿਸ਼ਟੀ, ਨਿਵੇਦਿਤਾ ਅਤੇ ਅਵਤਾਰ ਸਿੰਘ ਨੇ ਤਾਲਮੇਲ ਦਾ ਕਾਰਜ ਨਿਭਾਇਆ। ਪ੍ਰਬੰਧਕਾਂ ਨੇ ਕੁਲਪਤੀ ਡਾ. ਜ਼ੋਰਾ ਸਿੰਘ, ਪ੍ਰੋ-ਕੁਲਪਤੀ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਦਾ ਸਹਿਯੋਗ ਲਈ ਧੰਨਵਾਦ ਕੀਤਾ।