- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ’ਚ ਮਨਾਇਆ ਜੰਗਲੀ ਜੀਵ ਸਪਤਾਹ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਵੱਲੋਂ ਜੰਗਲੀ ਜੀਵ ਸਪਤਾਹ ਮਨਾਇਆ ਗਿਆ। ਇਸ ਦੌਰਾਨ ਜੰਗਲੀ ਜੀਵਾਂ ਦੀ ਸੰਭਾਲ, ਜੀਵ-ਵਿਭਿੰਨਤਾ ਦੀ ਰਾਖੀ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਦਿਅਕ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਮੌਕੇ ਜੰਗਲੀ ਜੀਵ ਮਾਹਿਰ, ਸੰਭਾਲ ਕਾਰਕੁਨ ਵਿਕਰਮਜੀਤ ਸਿੰਘ ਨੇ ‘ਪੰਜਾਬ ਦੇ ਜੰਗਲੀ ਜੀਵਾਂ ਦੇ ਅਨਮੋਲ ਖ਼ਜ਼ਾਨੇ: ਅਣਗੌਲੀ ਕੁਦਰਤੀ ਵਿਰਾਸਤ ਦੀ ਪੜਚੋਲ’ ਵਿਸ਼ੇ ’ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਰਾਜ ਪੰਛੀ ਬਾਜ਼ ਦੀ ਸੰਭਾਲ, ਪੰਛੀ-ਜਗਤ ਦੇ ਸੁਭਾਅ ਅਤੇ ਸੱਪਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਲੋਕਾਂ ਵਿੱਚ ਫੈਲੀਆਂ ਗ਼ਲਤ ਧਾਰਨਾਵਾਂ ਨੂੰ ਦੂਰ ਕੀਤਾ ਅਤੇ ਜੀਵਾਂ ਦੀ ਸੰਭਾਲ ਤੇ ਸਹਿ-ਹੋਂਦ ਦੀ ਮਹੱਤਤਾ ਸਮਝਾਈ। ਇਸ ਦੌਰਾਨ ਵਿਭਾਗ ਵੱਲੋਂ ਡਾ. ਚਰਨ ਕਮਲ ਸੇਖੋਂ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਪੰਛੀ ਪਾਰਕ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਇਸ ਤੋਂ ਇਲਾਵਾ ਤਸਵੀਰਾਂ ਖਿੱਚਣ ਦਾ ਮੁਕਾਬਲਾ, ਗਿਆਨ-ਪਰਖ ਮੁਕਾਬਲਾ ਅਤੇ ਜੰਗਲੀ ਜੀਵਾਂ ਦੀਆਂ ਖਿੱਚੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਉਪ-ਕੁਲਪਤੀ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਕੁਦਰਤ ਦੀ ਸੰਭਾਲ ਲਈ ਪ੍ਰੇਰਿਤ ਕੀਤਾ। ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਤਜਰਬੇ ਰਾਹੀਂ ਸਿੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਜੀਵ ਵਿਗਿਆਨ ਵਿਭਾਗ ਦੀ ਮੁਖੀ ਡਾ. ਮੋਨਿਕਾ ਐਰੀ ਨੇ ਦੱਸਿਆ ਕਿ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੈਦਾਨੀ ਤਜਰਬਿਆਂ ਅਤੇ ਮਾਹਿਰਾਂ ਦੇ ਗਿਆਨ ਨਾਲ ਜੋੜਨਾ ਸੀ।