ਊਧਮ ਸਿੰਘ ਮੈਨੇਜਰ ਯਾਦਗਾਰੀ ਸਨਮਾਨ ਸਮਾਰੋਹ ਅੱਜ
ਊਧਮ ਸਿੰਘ ਮੈਨੇਜਰ ਯਾਦਗਾਰੀ ਸਨਮਾਨ ਸਮਾਰੋਹ ਅੱਜ
Publish Date: Fri, 20 Feb 2026 05:49 PM (IST)
Updated Date: Fri, 20 Feb 2026 05:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਲੇਖਿਕਾ ਪਰਮਜੀਤ ਕੌਰ ਸਰਹਿੰਦ ਦੇ ਪਤੀ ਮੈਨੇਜਰ ਊਧਮ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਤੇ ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਫਤਹਿਗੜ੍ਹ ਸਾਹਿਬ ਵੱਲੋਂ 21 ਫਰਵਰੀ ਨੂੰ ਦਸ ਵਜੇ ਸਵੇਰੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਚਾਰ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਰਮਜੀਤ ਕੌਰ ਸਰਹਿੰਦ ਦੀ ਸਿਹਤ ਨਾਸਾਜ਼ ਹੋਣ ਕਾਰਨ ਅਤੇ ਫਿਰ ਆਪਣੇ ਬੱਚਿਆਂ ਕੋਲ ਵਿਦੇਸ਼ ਚਲੇ ਜਾਣ ਕਾਰਨ 2025 ਵਾਲਾ ਸਨਮਾਨ ਸਮਾਰੋਹ ਨਹੀਂ ਸੀ ਹੋ ਸਕਿਆ। ਇਸ ਕਾਰਨ ਪਹਿਲੇ ਸਾਲ ਦਾ ‘ਸ. ਊਧਮ ਸਿੰਘ ਜੀ ਮੈਨੇਜਰ ਯਾਦਗਾਰੀ ਸਨਮਾਨ’ ਉੱਘੀ ਲੇਖਿਕਾ ਪਰਮਜੀਤ ਪਰਮ ਚੰਡੀਗੜ੍ਹ ਅਤੇ ਨਾਮਵਰ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਨੂੰ ਦਿੱਤਾ ਜਾਵੇਗਾ। ਦੂਜਾ 2026 ਯਾਦਗਾਰੀ ਸਨਮਾਨ ਪ੍ਰਸਿੱਧ ਸ਼ਾਇਰ ਬਚਨ ਸਿੰਘ ਗੁਰਮ ਪਟਿਆਲਾ ਅਤੇ ਸਮਰੱਥ ਗ਼ਜ਼ਲਗੋ ਅਵਤਾਰ ਸਿੰਘ ਪੁਆਰ ਪਿਲਖਣੀ (ਰਾਜਪੁਰਾ) ਨੂੰ ਦਿੱਤਾ ਜਾ ਰਿਹਾ ਹੈ। ਇਨ੍ਹਾਂ ਕਲਮਕਾਰਾਂ ਦੀ ਚੋਣ ਪਰਿਵਾਰ ਅਤੇ ਲਿਖਾਰੀ ਸਭਾ ਵੱਲੋਂ ਇਸ ਵਿਚਾਰ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ ਕਿ ਉਹ ਵਧੀਆ ਲੇਖਕ ਦੇ ਨਾਲ ਵਧੀਆ ਇਨਸਾਨ ਵੀ ਹੋਣ ਅਤੇ ਜੋ ਕੁੱਝ ਲਿਖਦੇ ਹਨ ਉਨ੍ਹਾਂ ਵਿਚਾਰਾਂ ’ਤੇ ਆਪ ਪੂਰੇ ਉਤਰਦੇ ਹੋਣ। ਯਾਦਗਾਰੀ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਕਰਨਗੇ। ਮੁਖ ਮਹਿਮਾਨ ਵੱਜੋਂ ਦਿਲਮੇਘ ਸਿੰਘ, ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਸਮਾਗਮ ਵਿਚ ਸ਼ਿਰਕਤ ਕਰਨਗੇ। ਮੁੱਖ ਵਕਤਾ ਦੀ ਜ਼ਿੰਮੇਵਾਰੀ ਕਰਨੈਲ ਸਿੰਘ ਪੀਰਮੁਹੰਮਦ ਨਿਭਾਉਣਗੇ ਅਤੇ ਪ੍ਰਿਤਪਾਲ ਸਿੰਘ ਜੱਸੀ ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਸ਼ਾਮਲ ਹੋਣਗੇ। ‘ਸ. ਊਧਮ ਸਿੰਘ ਜੀ ਮੈਨੇਜਰ ਯਾਦਗਾਰੀ ਸਨਮਾਨ’ ਉਨ੍ਹਾਂ ਦੀਆਂ ਸਮਾਜ ਅਤੇ ਸਾਹਿਤ ਪ੍ਰਤੀ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਉਲੀਕਿਆ ਗਿਆ ਹੈ। ਪਰਮਜੀਤ ਕੌਰ ਸਰਹਿੰਦ ਦਾ ਕਹਿਣਾ ਹੈ ਕਿ ਜੇ ਮੇਰੇ ਵਿਛੜੇ ਸਾਥੀ ਨੇ ਮੈਨੂੰ ਸਹਿਯੋਗ ਨਾਂ ਦਿੱਤਾ ਹੁੰਦਾ ਤਾਂ ਸਾਹਿਤਕ ਖੇਤਰ ਵਿਚ ਮੇਰੀ ਕੋਈ ਪਛਾਣ ਨਹੀਂ ਸੀ ਹੋਣੀ। ਇਹ ਯਾਦਗਾਰੀ ਸਨਮਾਨ ਹਰ ਸਾਲ ਦੋ ਸਾਹਿਤਕਾਰਾਂ ਨੂੰ ਦੇਣ ਦੀ ਪਿਰਤ ਨਿਰੰਤਰ ਜਾਰੀ ਰੱਖਣ ਦਾ ਯਤਨ ਕੀਤਾ ਜਾਵੇਗਾ।