- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹਿੰਦ ’ਚ ਟਰੱਕ-ਬੱਸ ਬਾਡੀ ਬਣਾਉਣ ਦਾ ਕੰਮ ਨਿਰਵਿਘਨ ਜਾਰੀ : ਪ੍ਰਧਾਨ ਸੱਗੂ

ਜਰੂਰੀ)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਰਹਿੰਦ ਟਰੱਕ-ਬੱਸ ਬਾਡੀ ਬਿਲਡਰਜ਼ ਐਸੋਸੀਏਸ਼ਨ, ਸਰਹਿੰਦ ਦੀ ਇੱਕ ਵਿਸ਼ੇਸ਼ ਮੀਟਿੰਗ ਨਵ-ਨਿਯੁਕਤ ਪ੍ਰਧਾਨ ਹਰਮੀਤ ਸਿੰਘ ਸੱਗੂ ਦੀ ਅਗਵਾਈ ਹੇਠ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਤੇ ਟਰੱਕ ਤੇ ਬੱਸ ਬਾਡੀ ਬਿਲਡਰਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਪ੍ਰਧਾਨ ਹਰਮੀਤ ਸਿੰਘ ਸੱਗੂ ਨੇ ਸਮੂਹ ਬਾਡੀ ਬਿਲਡਰਾਂ ਨੂੰ ਆਪਸੀ ਏਕਤਾ ਬਣਾਈ ਰੱਖਣ ਤੇ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕੁਝ ਦਿਨ ਪਹਿਲਾਂ ਇਲਾਕੇ ’ਚ ਲਗਪਗ 30 ਵਰਕਸ਼ਾਪਾਂ ਢਾਹੇ ਜਾਣ ਦੀ ਘਟਨਾ ’ਤੇ ਡੂੰਘਾ ਦੁੱਖ ਤੇ ਅਫ਼ਸੋਸ ਪ੍ਰਗਟਾਇਆ। ਇਸ ਦੇ ਨਾਲ ਹੀ ਉਨ੍ਹਾਂ ਟਰੱਕ ਅਤੇ ਬੱਸਾਂ ਦੀਆਂ ਬਾਡੀਆਂ ਲਗਵਾਉਣ ਵਾਲੇ ਗਾਹਕਾਂ ਤੇ ਟਰਾਂਸਪੋਰਟਰਾਂ ਨੂੰ ਅਪੀਲ ਕਰਦਿਆਂ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਸਰਹਿੰਦ ’ਚ ਬਾਡੀ ਬਿਲਡਿੰਗ ਦਾ ਕੰਮ ਬੰਦ ਹੋ ਗਿਆ ਹੈ, ਜੋ ਕਿ ਬਿਲਕੁਲ ਬੇਬੁਨਿਆਦ ਹਨ। ਜਿਹੜੀਆਂ ਵਰਕਸ਼ਾਪਾਂ ਢਾਹੀਆਂ ਸਨ, ਉਹ ਸਿਰਫ਼ ਆਪਣੀ ਜਗ੍ਹਾ ਬਦਲ ਕੇ ਅੱਗੇ ਸ਼ਿਫਟ ਹੋ ਗਈਆਂ ਹਨ, ਪਰ ਸਰਹਿੰਦ ਵਿਖੇ ਟਰੱਕ-ਬੱਸ ਬਾਡੀ ਬਣਾਉਣ ਦਾ ਕੰਮ ਪਹਿਲਾਂ ਵਾਂਗ ਹੀ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ। ਜਿਹੜੇ ਵੀ ਗਾਹਕ ਗੱਡੀਆਂ ਦੀਆਂ ਬਾਡੀਆਂ ਤਿਆਰ ਕਰਵਾਉਣਾ ਚਾਹੁੰਦੇ ਹਨ, ਉਹ ਕਿਸੇ ਵੀ ਸਮੇਂ ਸਰਹਿੰਦ ਦੀਆਂ ਵਰਕਸ਼ਾਪਾਂ ’ਚ ਆ ਕੇ ਸੰਪਰਕ ਕਰ ਸਕਦੇ ਹਨ। ਅੰਤ ’ਚ ਇਕੱਤਰ ਹੋਏ ਸਮੂਹ ਬਾਡੀ ਬਿਲਡਰਾਂ ਵੱਲੋਂ ਨਵ-ਨਿਯੁਕਤ ਪ੍ਰਧਾਨ ਹਰਮੀਤ ਸਿੰਘ ਸੱਗੂ ਤੇ ਐਸੋਸੀਏਸ਼ਨ ਦੇ ਹੋਰ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਲਵਿੰਦਰ ਸਹਾਰਨ, ਕੈਸ਼ੀਅਰ ਕਰਮ ਸਿੰਘ, ਜਨਰਲ ਸਕੱਤਰ ਜਸਪ੍ਰੀਤ ਸਿੰਘ, ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਸਤਵੰਤ ਸਿੰਘ, ਨੌਰੰਗ ਸਿੰਘ, ਸੋਹਣ ਸਿੰਘ, ਮਲਕੀਤ ਸਿੰਘ ਕੈਨੇਡਾ, ਮੇਵਾ ਸਿੰਘ, ਗੁਲਜ਼ਾਰ ਸਿੰਘ, ਹਰਵਿੰਦਰ ਸਿੰਘ, ਲਛਮਣ ਸਿੰਘ, ਭਜਨ ਸਿੰਘ ਤਰਖਾਣ ਮਾਜਰਾ ਹਾਜ਼ਰ ਸਨ।