- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫ਼ਰੰਸ ਸ਼ੁਰੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਿੱਖ ਐਜੂਕੇਸ਼ਨ ਕੌਂਸਲ, ਯੂਕੇ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪੰਜਾਬੀ ਕਾਨਫ਼ਰੰਸ ‘ਪੰਜਾਬ ਅਤੇ ਸਿੱਖੀ: ਅਵਾਸ ਅਤੇ ਪਰਵਾਸ ਦੇ ਸਰੋਕਾਰ’ ਵਿਸ਼ੇ ਨਾਲ ਸੰਬੰਧਿਤ, ਦਾ ਆਗਾਜ਼ ਕੀਤਾ ਗਿਆ। ਕਾਨਫ਼ਰੰਸ ਦੇ ਪਹਿਲੇ ਦਿਨ ਦੋ ਇਜਲਾਸ ਹੋਏ, ਪਹਿਲੇ ਇਜਲਾਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ ਨੇ ਕੀਤੀ। ਡਾ. ਸਿਕੰਦਰ ਸਿੰਘ (ਡੀਨ ਭਾਸ਼ਾਵਾਂ, ਮੁਖੀ ਪੰਜਾਬੀ ਵਿਭਾਗ) ਨੇ ਆਏ ਵਿਦਵਾਨਾਂ ਦਾ ਸਵਾਗਤ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ-ਚਾਂਸਲਰ ਨੇ ਪਰਵਾਸੀ ਧਰਤੀ ’ਤੇ ਰਹਿ ਰਹੇ ਪੰਜਾਬੀ ਵਿਦਿਆਰਥੀਆਂ ਦੇ ਸੰਕਟ ਦੀ ਗੱਲ ਕੀਤੀ। ਕਾਨਫ਼ਰੰਸ ਦਾ ਉਦਘਾਟਨੀ ਭਾਸ਼ਣ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਵੱਲੋਂ ਦਿੱਤਾ ਗਿਆ ਜਿਸ ਵਿਚ ਉਨ੍ਹਾਂ ਨੇ ਸਿੱਖਿਆ ਉੱਪਰ ਪਰਵਾਸ ਦੇ ਪੈ ਰਹੇ ਅਸਰਾਂ ਬਾਰੇ ਗੱਲ ਕੀਤੀ। ਕਾਨਫ਼ਰੰਸ ਦੇ ਪਹਿਲੇ ਸੈਸ਼ਨ ’ਚ ਡਾ. ਨਵਰੀਤ ਕੌਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਵਾਸ ਅਤੇ ਪਰਵਾਸ ਦੇ ਪੰਜਾਬ ਦੀ ਜਨਸੰਖਿਆ ਉੱਪਰ ਪੈ ਰਹੇ ਅਸਰਾਂ ਬਾਰੇ ਗੱਲ ਕੀਤੀ। ਪ੍ਰੋ. ਸਤਨਾਮ ਸਿੰਘ ਦਿਓਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕਿਸਾਨੀ ਤੇ ਸਿੱਖੀ ਦੇ ਹਵਾਲੇ ਨਾਲ ਰਾਜਨੀਤੀ ਅਤੇ ਪਛਾਣ ਦੇ ਸਵਾਲ ਉੱਪਰ ਗੱਲ ਕੀਤੀ। ਪਹਿਲੇ ਇਜਲਾਸ ਦਾ ਧੰਨਵਾਦੀ ਮਤਾ ਰਜਿਸਟਰਾਰ ਪ੍ਰੋ. (ਡਾ. ) ਤੇਜ਼ਬੀਰ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਕਾਨਫ਼ਰੰਸ ਦੇ ਦੂਜੇ ਸੈਸ਼ਨ ਵਿਚ ਸੱਤ ਵਿਦਵਾਨਾਂ ਨੇ ਹਿੱਸਾ ਲਿਆ ਡਾ. ਕੰਵਲਜੀਤ ਸਿੰਘ, ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ‘ਪੰਜਾਬ ਦੇ ਅਵਾਸ-ਪਰਵਾਸ ਵਿਚ 1984 ਦਾ ਮੋੜ’ ਵਿਸ਼ੇ ਤੇ ਗੱਲ ਕੀਤੀ, ਡਾ. ਜਸਵੀਰ ਸਿੰਘ (ਡੈਨਮਾਰਕ) ਨੇ ‘ਮਾਡਰਨ ਹਿੰਦੂਵਾਦ ਦੀ ਘਾੜਤ ਅਤੇ ਇਸ ਦੇ ਸਿੱਖ ਡਾਇਸਪੋਰਾ ਉੱਪਰ ਅਸਰ’, ਰਮਨਦੀਪ ਸਿੰਘ ਵੈਨਕੂਵਰ ਨੇ ‘ਪੰਜਾਬੀ ਸ਼ਬਦਾਂ ਦੇ ਪ੍ਰਵਾਸ’ ਉੱਪਰ ਆਪਣੀ ਗੱਲ ਰੱਖੀ। ਇਸ ਤੋਂ ਇਲਾਵਾ ਡਾ. ਨਵ ਸ਼ਗਨ ਦੀਪ ਕੌਰ, ਮੁਖੀ ਸਮਾਜ ਵਿਗਿਆਨ ਵਿਭਾਗ, ਡਾ. ਬਿੰਦਰ ਸਿੰਘ, ਡਾ. ਸੰਦੀਪ ਕੌਰ ਸੇਖੋਂ ਅਤੇ ਡਾ. ਚਰਨਜੀਤ ਕੌਰ ਨੇ ਖੋਜ ਪੱਤਰ ਪੇਸ਼ ਕੀਤੇ। ਕਾਨਫ਼ਰੰਸ ਦਾ ਸੰਚਾਲਨ ਡਾਕਟਰ ਹਰਪ੍ਰੀਤ ਕੌਰ ਪੰਜਾਬੀ ਵਿਭਾਗ ਵੱਲੋਂ ਕੀਤਾ ਗਿਆ। ਇਸ ਵਿਚ ਡਾ. ਹਰਦੇਵ ਸਿੰਘ, ਮੁਖੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ, ਡਾ. ਹਰਨੀਤ ਬਿਲਿੰਗ, ਮੁਖੀ ਸਿੱਖਿਆ ਵਿਭਾਗ, ਡਾ. ਰਮਨਦੀਪ ਕੌਰ, ਮੁਖੀ ਰਾਜਨੀਤੀ ਸ਼ਾਸਤਰ ਵਿਭਾਗ, ਡਾ. ਰੁਪਿੰਦਰ ਪਾਲ ਸਿੰਘ, ਮੁਖੀ ਭੋਜਨ ਤਕਨੀਕ ਵਿਭਾਗ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਭਾਸ਼ਾ ਅਫ਼ਸਰ ਸ. ਸੰਦੀਪ ਬਿਬੇਕਗੜ੍ਹ ਤੋਂ ਰਣਜੀਤ ਸਿੰਘ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।