- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ’ਚ ਤਿੰਨ ਰੋਜ਼ਾ ਰਸਾਇਣ ਵਿਗਿਆਨ ਹਫ਼ਤਾ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਵੱਲੋਂ ‘ਕੈਮਿਸਟਰੀ ਅੰਡਰ ਕੰਸਟਰਕਸ਼ਨ’ ਵਿਸ਼ੇ ਤਹਿਤ ਤਿੰਨ ਰੋਜ਼ਾ ਰਸਾਇਣ ਵਿਗਿਆਨ ਹਫ਼ਤਾ ਮਨਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਸਾਇਣ ਵਿਗਿਆਨ ਵਿਭਾਗ ਮੁਖੀ ਡਾ. ਜਤਿੰਦਰ ਔਲਖ ਨੇ ਨਮੂਨਿਆਂ ’ਚ ਮੌਜੂਦ ਤੱਤਾਂ ਨੂੰ ਵੱਖ ਕਰਕੇ ਉਨ੍ਹਾਂ ਦੀ ਮਾਤਰਾ ਸਪਸ਼ਟ ਢੰਗ ਨਾਲ ਜਾਂਚਣ ਦੀਆਂ ਤਕਨੀਕਾਂ ਬਾਰੇ ਦੱਸਿਆ। ਅਮਰੀਕਾ ਦੀ ਨਵਾਜੋ ਟੈਕਨੀਕਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਅਵਤਾਰ ਸਿੰਘ ਨੇ ਪਰ- ਅਤੇ ਪੌਲੀਫਲੋਰੋਐਲਕਾਈਲ ਪਦਾਰਥਾਂ ਦੇ ਵਾਤਾਵਰਣ ’ਤੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਆਰਆਈਈ ਐਨਸੀਈਆਰਟੀ ਅਜਮੇਰ ਦੇ ਐਸੋਸੀਏਟ ਪ੍ਰੋਫੈਸਰ ਡਾ. ਸੰਦੀਪ ਕੌਸ਼ਲ ਨੇ ਪਾਣੀ ਦੀ ਸ਼ੁੱਧਤਾ ਲਈ ਨੈਨੋ-ਕਣਾਂ ਆਧਾਰਿਤ ਪਦਾਰਥਾਂ ਦੀ ਵਰਤੋਂ ਬਾਰੇ ਚਾਨਣਾ ਪਾਇਆ, ਜਦਕਿ ਐਸਪੀਐਨ ਕਾਲਜ ਦੇ ਡਾ. ਜਸਮਿੰਦਰ ਸਿੰਘ ਨੇ ਆਨਲਾਈਨ ਭਾਸ਼ਣ ਰਾਹੀਂ ਖੋਜ-ਨੈਤਿਕਤਾ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਰਸਾਇਣ ਵਿਗਿਆਨ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਸ਼ੁਰੂਆਤ ਮੌਕੇ ਰਸਾਇਣ ਵਿਗਿਆਨ ਵਿਭਾਗ ਦੇ ਮੁਖੀ ਡਾ. ਰਾਹੁਲ ਬਦਰੂ ਨੇ ਸਵਾਗਤੀ ਭਾਸ਼ਣ ਦਿੱਤਾ। ਅਕਾਦਮਿਕ ਮਾਮਲਿਆਂ ਦੇ ਡੀਨ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਉਦਘਾਟਨੀ ਸੰਬੋਧਨ ਕੀਤਾ, ਜਦਕਿ ਰਜਿਸਟਰਾਰ ਪ੍ਰੋ. ਤੇਜਬੀਰ ਸਿੰਘ ਵੀ ਹਾਜ਼ਰ ਰਹੇ। ਤਿੰਨ ਰੋਜ਼ਾ ਸਮਾਗਮ ਦੌਰਾਨ ਪਾਵਰਪੁਆਇੰਟ ਪੇਸ਼ਕਾਰੀ, ਵਿਗਿਆਨਕ ਚਿੱਤਰਕਾਰੀ, ਹਾਸ-ਵਿਅੰਗ ਪੇਸ਼ਕਾਰੀ, ਰਹਿੰਦ-ਖੂੰਹਦ ਤੋਂ ਨਵੀਆਂ ਵਸਤਾਂ ਦੀ ਸਿਰਜਣਾ ਅਤੇ ਕਾਰਟੂਨ ਮੁਕਾਬਲੇ ਕਰਵਾਏ ਗਏ। ਸਮਾਪਤੀ ਮੌਕੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ, ਪ੍ਰੋ. ਤੇਜਬੀਰ ਸਿੰਘ ਅਤੇ ਡਾ. ਰਾਹੁਲ ਬਦਰੂ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਤਕਸੀਮ ਕੀਤੇ ਅਤੇ ਵਲੰਟੀਅਰਾਂ ਨੂੰ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ।