ਹੰਸਾਲੀ ਰਨ ਦੇ ਬੈਨਰ ਹੇਠ ਕਰਵਾਈਆਂ ਵਿਸ਼ਾਲ ਮੈਰਾਥਨ ਦੌੜਾਂ ’ਚ ਹਜ਼ਾਰਾਂ ਦੌੜਾਕਾਂ ਨੇ ਲਿਆ ਹਿੱਸਾ ਹੰਸਾਲੀ ਰਨ ਦੇ ਬੈਨਰ ਹੇਠ ਕਰਵਾਈਆਂ ਵਿਸ਼ਾਲ ਮੈਰਾਥਨ ਦੌੜਾਂ ’ਚ ਹਜ਼ਾਰਾਂ ਦੌੜਾਕਾਂ ਨੇ ਲਿਆ ਹਿੱਸਾ
Publish Date: Thu, 26 Nov 2026 07:40 PM (IST)
Updated Date: Thu, 26 Nov 2026 07:43 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੀ ਕਿਰਪਾ ਅਤੇ ਮੌਜੂਦਾ ਮੁਖੀ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਦੇ ਉੱਦਮ ਤੇ ਆਸ਼ੀਰਵਾਦ ਸਦਕਾ ‘ਹੰਸਾਲੀ ਰਨ’ ਦੇ ਬੈਨਰ ਹੇਠ ਵਿਸ਼ਾਲ ਮੈਰਾਥਨ ਦੌੜਾਂ ਕਰਵਾਈਆਂ ਗਈਆਂ। ਇਸ ਮੌਕੇ 42 ਕਿਲੋਮੀਟਰ ਫੁੱਲ ਮੈਰਾਥਨ, 21 ਕਿਲੋਮੀਟਰ ਹਾਫ ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀਆਂ ਦੌੜਾਂ ਕਰਵਾਈਆਂ ਗਈਆਂ, ਜਿਸ ’ਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਨੌਜਵਾਨਾਂ, ਬੱਚਿਆਂ, ਬਜ਼ੁਰਗਾਂ ਤੇ ਮਹਿਲਾ ਦੌੜਾਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਵੇਰੇ ਅਰਦਾਸ ਉਪਰੰਤ ਬਾਬਾ ਜੀ ਵੱਲੋਂ ਝੰਡੀ ਦੇ ਕੇ ਦੌੜਾਂ ਨੂੰ ਰਵਾਨਾ ਕੀਤਾ ਗਿਆ। ਪੂਰੇ ਰਸਤੇ ’ਤੇ ਸੰਗਤਾਂ ਵੱਲੋਂ ਦੌੜਾਕਾਂ ਲਈ ਪਾਣੀ, ਜੂਸ, ਫਰੂਟ ਅਤੇ ਮੈਡੀਕਲ ਸਹੂਲਤ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਦੌੜ ’ਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਦੌੜਾਕਾਂ ਨੂੰ ਨਕਦ ਇਨਾਮ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਘੇ ਲੇਖਕ ਮਨਦੀਪ ਮਾਵੀ, ਪਦਮਸ੍ਰੀ ਤੇ ਡੀਐਸਪੀ ਹਰਿਆਣਾ ਪੁਲਿਸ ਪੰਚਕੂਲਾ ਮਮਤਾ ਸੋਢਾ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਦਮਸ੍ਰੀ, ਖੇਲ ਰਤਨ ਤੇ ਅਰਜੁਨ ਐਵਾਰਡੀ ਸਰਦਾਰ ਸਿੰਘ ਅਤੇ ਡਿਸਕਸ ਥਰੋਅਰ ਕਿਰਪਾਲ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਸੰਤਾਂ-ਮਹਾਂਪੁਰਸ਼ਾਂ ਵੱਲੋਂ ਸਾਰੇ ਮਹਿਮਾਨਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਕਿਹਾ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਨਾ ਹੈ, ਕਿਉਂਕਿ ਜਦੋਂ ਨੌਜਵਾਨ ਦੌੜੇਗਾ ਤਾਂ ਪੰਜਾਬ ਦੌੜੇਗਾ। ਉਨ੍ਹਾਂ ਕਿਹਾ ਕਿ ਬਾਬਾ ਅਜੀਤ ਸਿੰਘ ਜੀ ਦਾ ਸੁਪਨਾ ਸੀ ਕਿ ਹਰ ਘਰ ’ਚੋਂ ਇੱਕ ਖਿਡਾਰੀ ਨਿਕਲੇ ਅਤੇ ਇਹ ਹੰਸਾਲੀ ਰਨ ਉਸੇ ਸੁਪਨੇ ਨੂੰ ਪੂਰਾ ਕਰਨ ਦਾ ਯਤਨ ਹੈ। ਉਨ੍ਹਾਂ ਐਲਾਨ ਕੀਤਾ ਕਿ ਹਰ ਸਾਲ ਇਸ ਤੋਂ ਵੀ ਵੱਡੇ ਪੱਧਰ ’ਤੇ ਇਹ ਦੌੜਾਂ ਕਰਵਾਈਆਂ ਜਾਣਗੀਆਂ। ਮਹਿਮਾਨਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਹੰਸਾਲੀ ਸਾਹਿਬ ਆ ਕੇ ਅਤੇ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਇੱਥੋਂ ਦੇ ਪ੍ਰਬੰਧ ਕੌਮਾਂਤਰੀ ਪੱਧਰ ਦੇ ਸਨ ਅਤੇ ਇਹ ਦੌੜਾਂ ਨੌਜਵਾਨਾਂ ਨੂੰ ਨਵੀਂ ਸੇਧ ਦੇਣਗੀਆਂ। ਅਖੀਰ ’ਚ ਸਮੂਹ ਦੌੜਾਕਾਂ ਨੇ ਗੁਰੂ ਦਾ ਲੰਗਰ ਛਕਿਆ। ਇਸ ਮੌਕੇ ਅਵਤਾਰ ਸਿੰਘ ਸਾਧੂਮਾਜਰਾ, ਮਨਜੀਤ ਸਿੰਘ ਸਰਹਿੰਦ, ਬਾਪੂ ਗੁਰਦੇਵ ਸਿੰਘ ਡੰਗੇੜੀਆਂ ਅਤੇ ਰਜਿੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।