- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਲਾ ਲਾਇਸੈਂਸ ਰੀਨਿਊ ਕਰਵਾਉਣ ਦੀ ਪ੍ਰਕਿਰਿਆ ਗੁੰਝਲਦਾਰ ਤੇ ਖ਼ਰਚੀਲੀ : ਬਾਜਵਾ

ਗਰਗ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਕੈਪਟਨ ਜਸਵੰਤ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ’ਚ ਅਸਲਾ ਲਾਇਸੈਂਸ ਰੀਨਿਊ ਕਰਵਾਉਣ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਤੇ ਖ਼ਰਚੀਲੀ ਹੋਣ ਕਾਰਨ ਅਸਲਾ ਧਾਰਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਔਖੀ ਕਾਰਵਾਈ ਕਾਰਨ ਲੋਕ ਆਪਣੀ ਸੁਰੱਖਿਆ ਲਈ ਖ਼ਰੀਦੇ ਹਥਿਆਰ ਵੇਚਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਡੋਪ ਟੈਸਟ ਲਈ ਲੋਕਾਂ ਨੂੰ ਦੂਰ-ਦੁਰਾਡੇ ਦੇ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਹਨ ਅਤੇ ਪਰਚੀ ਕਟਵਾਉਣ ਮਗਰੋਂ ਵੀ ਲੰਬੀਆਂ ਤਰੀਕਾਂ ਮਿਲਦੀਆਂ ਹਨ। ਬਾਜਵਾ ਨੇ ਸੁਝਾਅ ਦਿੱਤਾ ਕਿ ਡੋਪ ਟੈਸਟ ਸਬੰਧਤ ਥਾਣੇ ਦੇ ਨੇੜਲੇ ਹਸਪਤਾਲ ’ਚ ਕਰਵਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੋਪ ਟੈਸਟ ਦੀ 1500 ਰੁਪਏ ਫੀਸ ਨਾਜਾਇਜ਼ ਹੈ ਤੇ ਬਜ਼ੁਰਗਾਂ ਨੂੰ ਹਸਪਤਾਲਾਂ ਤੇ ਦਫ਼ਤਰਾਂ ’ਚ ਧੱਕੇ ਖਾਣੇ ਪੈਂਦੇ ਹਨ। ਡੋਪ ਟੈਸਟ ਤੋਂ ਬਾਅਦ ਅਸਲਾ ਲੈ ਕੇ ਤਹਿਸੀਲ ਦੇ ਚੱਕਰ ਵੀ ਕੱਟਣੇ ਪੈਂਦੇ ਹਨ। ਰੀਨਿਊ ਕਰਵਾਉਣ ਦੀ ਸਰਕਾਰੀ ਫੀਸ 5000 ਰੁਪਏ ਹੈ, ਜਦਕਿ ਆਉਣ-ਜਾਣ ਦਾ ਖ਼ਰਚਾ ਮਿਲਾ ਕੇ ਕੁੱਲ 8000 ਰੁਪਏ ਦੇ ਕਰੀਬ ਖ਼ਰਚਾ ਆਉਂਦਾ ਹੈ ਅਤੇ ਇਸ ਕੰਮ ’ਚ 20 ਦਿਨ ਲੱਗ ਜਾਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਇਸੈਂਸ ਰੀਨਿਊ ਕਰਵਾਉਣ ਦੀ ਪ੍ਰਕਿਰਿਆ ’ਤੇ ਮੁੜ ਵਿਚਾਰ ਕਰ ਕੇ ਇਸ ਨੂੰ ਸੌਖਾ ਅਤੇ ਲੋਕ-ਪੱਖੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲਾਇਸੈਂਸ ਦੀ ਮਿਆਦ ਵਿਅਕਤੀ ਦੇ ਜਿਉਂਦੇ ਰਹਿਣ ਤੱਕ ਕਰ ਦਿੱਤੀ ਜਾਵੇ।