ਨੀਂਹ ਪੱਥਰ ਧਰਿਆ ਰਹਿ ਗਿਆ, ਸੜਕ ਬਣਾਉਣੀ ਭੁੱਲੀ ਸਰਕਾਰ ਨੀਂਹ ਪੱਥਰ ਧਰਿਆ ਰਹਿ ਗਿਆ, ਸੜਕ ਬਣਾਉਣੀ ਭੁੱਲੀ ਸਰਕਾਰ
Publish Date: Tue, 14 Jul 2026 05:52 PM (IST)
Updated Date: Tue, 14 Jul 2026 05:54 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਥਾਨਕ ਪਿੰਡ ਹੱਲੋਤਾਲੀ ਨੂੰ ਜਾਂਦੀ ਸੜਕ ਦੀ ਬਦਹਾਲੀ ਕਾਰਨ ਇਲਾਕੇ ਦੇ ਲੋਕਾਂ ਦਾ ਗੁੱਸਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਰੋਜ਼ਾਨਾ ਇਸ ਰਾਹ ਤੋਂ ਲੰਘਣ ਵਾਲੇ ਲੋਕ, ਵਿਦਿਆਰਥੀ ਤੇ ਦੋਪਹੀਆ ਵਾਹਨ ਚਾਲਕ ਜਾਨ ਜੋਖਮ ’ਚ ਪਾ ਕੇ ਸਫ਼ਰ ਕਰਨ ਲਈ ਮਜਬੂਰ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ 4 ਮਹੀਨੇ ਪਹਿਲਾਂ ਇਸ ਸੜਕ ਦੇ ਨਿਰਮਾਣ ਲਈ ਵੱਡੇ ਸਮਾਗਮ ਦੌਰਾਨ ਨੀਂਹ ਪੱਥਰ ਤਾਂ ਰੱਖ ਦਿੱਤਾ ਗਿਆ, ਪਰ ਉਸ ਤੋਂ ਬਾਅਦ ਅੱਜ ਤੱਕ ਕੰਮ ਸ਼ੁਰੂ ਨਹੀਂ ਹੋਇਆ। ਇਸ ਮਾਮਲੇ ਸਬੰਧੀ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ’ਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਜਦਕਿ ਦੂਜੇ ਪਾਸੇ ਲੋਕ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਪਰ ਅੱਜ ਤੱਕ ਸੜਕ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਇਹ ਸੜਕ ਪਟਿਆਲਾ ਰੋਡ ਤੋਂ ਨੰਦਪੁਰ ਕੇਸੋ ਰਾਹੀਂ ਰਾਜਪੁਰਾ ਵੱਲ ਜਾਂਦੀ ਇਕ ਮਹੱਤਵਪੂਰਨ ਲਿੰਕ ਸੜਕ ਹੈ, ਜਿੱਥੇ ਡੂੰਘੇ ਖੱਡੇ ਪੈ ਜਾਣ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਪਿੰਡ ਵਾਸੀਆਂ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਟੁੱਟੀ ਸੜਕ ਕਾਰਨ ਹੁਣ ਉਨ੍ਹਾਂ ਦੇ ਬੱਚਿਆਂ ਦੇ ਰਿਸ਼ਤੇ ਵੀ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਬਾਹਰੋਂ ਆਉਣ ਵਾਲੇ ਪਰਿਵਾਰ ਪਿੰਡ ਦੀ ਸੜਕ ਦੀ ਮਾੜੀ ਹਾਲਤ ਦੇਖ ਕੇ ਆਪਣੀਆਂ ਧੀਆਂ ਦਾ ਰਿਸ਼ਤਾ ਕਰਨ ਤੋਂ ਵੀ ਗੁਰੇਜ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਪ੍ਰਸ਼ਾਸਨ ਤੇ ਸਰਕਾਰ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਗਿਆ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਪਿੰਡ ਹੱਲੋਤਾਲੀ ਦੇ ਸਮੂਹ ਨਿਵਾਸੀਆਂ ਨੇ ਮੰਗ ਕੀਤੀ ਕਿ ਇਸ ਸੜਕ ਦਾ ਨਿਰਮਾਣ ਤੁਰੰਤ ਸ਼ੁਰੂ ਕਰਵਾਇਆ ਜਾਵੇ, ਨਹੀਂ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਗੁਰਭੇਜ ਸਿੰਘ ਰਾਏ, ਮੰਡਲ ਸੁਖਵਿੰਦਰ ਸਿੰਘ ਕਾਲਾ, ਮੰਡਲ ਪ੍ਰਧਾਨ ਗੁਰਲਾਲ ਸਿੰਘ Lali, ਐਸਸੀ ਸੈੱਲ ਦੇ ਬਲਾਕ ਪ੍ਰਧਾਨ ਹਰਦੇਵ ਸਿੰਘ ਨੰਬਰਦਾਰ, ਰਣਜੀਤ ਸਿੰਘ ਰਾਜੂ, ਹਰਿੰਦਰ ਸਿੰਘ ਮੂਲੇਪੁਰ, ਅਵਤਾਰ ਸਿੰਘ ਹੱਲੋਤਾਲੀ, ਭੁਪਿੰਦਰ ਸਿੰਘ ਬਾਠ, ਧਰਮਿੰਦਰ ਸਿੰਘ ਗੋਰਖਾ, ਅਵਤਾਰ ਸਿੰਘ ਫੌਜੀ ਅਮਰਗੜ੍ਹ, ਮਨਪ੍ਰੀਤ ਮਨੀ ਕੋਟਲਾ, ਸੁਰਜੀਤ ਸਿੰਘ ਅਮਰਗੜ੍ਹ, ਅਰਜੁਨ ਸਿੰਘ ਝਿੰਜਰਾ, ਸੁਰਮੁੱਖ ਸਿੰਘ, ਪ੍ਰਿੰਤਪਾਲ ਸਿੰਘ, ਦਰਸ਼ਨ ਸਿੰਘ, ਭੁਪਿੰਦਰ ਸਿੰਘ ਰਾਏ, ਰਾਮ ਆਸਰਾ, ਦਾਨਵੀਰ ਸਿੰਘ, ਬਹਾਦਰ ਗਿਰ, ਲਾਡੀ ਜਾਗੋ ਅਤੇ ਹੋਰ ਇਲਾਕਾ ਵਾਸੀ ਮੌਜੂਦ ਸਨ।