- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਸਰਕਾਰ ਬਣਨ ’ਤੇ ਵਪਾਰੀਆਂ ਦੀ ਲੁੱਟ ਬੰਦ ਹੋਵੇਗੀ : ਰਾਜੂ ਖੰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਤੇ ਵਪਾਰੀਆਂ ਦੀ ਜੀਐਸਟੀ ਦੇ ਨਾਂ ’ਤੇ ਹੋ ਰਹੀ ਲੁੱਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਹੀ ਹਮੇਸ਼ਾ ਲਈ ਬੰਦ ਹੋਵੇਗੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਾਰਡ ਨੰਬਰ 24 ’ਚ ਇਕ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਕੁਝ ਸਿਆਸੀ ਆਗੂਆਂ ਦੀ ਮਿਲੀਭੁਗਤ ਨਾਲ ਵਿਭਾਗੀ ਅਧਿਕਾਰੀ ਰੋਜ਼ਾਨਾ ਕਾਰੋਬਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਇਸ ਪ੍ਰੇਸ਼ਾਨੀ ਤੋਂ ਇੰਡਸਟਰੀ ਨੂੰ ਨਿਜਾਤ ਦਿਵਾਉਣ ਲਈ ਪਹਿਲ ਦੇ ਆਧਾਰ ’ਤੇ ਠੋਸ ਕਦਮ ਚੁੱਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਉਪਰੰਤ ਬਿਨਾਂ ਕਿਸੇ ਠੋਸ ਕਾਰਨ ਦੇ ਕੋਈ ਵੀ ਅਧਿਕਾਰੀ ਕਿਸੇ ਉਦਯੋਗਪਤੀ ਨੂੰ ਪਰੇਸ਼ਾਨ ਨਹੀਂ ਕਰ ਸਕੇਗਾ। ਉਨ੍ਹਾਂ ਵਪਾਰੀਆਂ ਅਤੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਾਲ 2027 ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਤਾਂ ਜੋ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਦਾ ਪੱਕਾ ਹੱਲ ਹੋ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਾਜਾਇਜ਼ ਤੰਗ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਜਨਰਲ ਕੌਂਸਲ ਮੈਂਬਰ ਜਤਿੰਦਰ ਸਿੰਘ ਧਾਲੀਵਾਲ, ਸੂਬਾ ਮੀਤ ਪ੍ਰਧਾਨ ਭਿੰਦਰ ਸਿੰਘ, ਸਾਬਕਾ ਕੌਂਸਲਰ ਸਤਪਾਲ ਸਿੰਘ ਸੱਤਾ, ਸੀਨੀਅਰ ਆਗੂ ਜਗਤਾਰ ਸਿੰਘ ਗਿੱਲ, ਟਰਾਂਸਪੋਰਟ ਵਿੰਗ ਦੇ ਸੂਬਾ ਜਨਰਲ ਸਕੱਤਰ ਸਿਮਰਨਜੀਤ ਸਿੰਘ ਧਾਲੀਵਾਲ, ਯੂਥ ਆਗੂ ਜਸਵੀਰ ਸਿੰਘ ਬੈਨੀਪਾਲ, ਚਰਨਜੀਤ ਚੰਨਾ, ਰਛਪਾਲ ਸਿੰਘ, ਕਰਨੈਲ ਸਿੰਘ ਜੱਸੜ ਅਤੇ ਦਲਜੀਤ ਸਿੰਘ ਬਿੱਟੂ ਵੀ ਹਾਜ਼ਰ ਸਨ।