- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਐਨਐਸਐਸ ਦਿਵਸ ਮਨਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਐੱਨਐੱਸਐੱਸ ਦਿਵਸ ਵਲੰਟੀਅਰਾਂ ਦੀ ਭਰਵੀਂ ਸ਼ਮੂਲੀਅਤ ਨਾਲ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਦੌਰਾਨ ਸਮਾਜ ਸੇਵਾ, ਵਾਤਾਵਰਨ ਸੰਭਾਲ, ਸਫ਼ਾਈ, ਸਰੀਰਕ ਤੰਦਰੁਸਤੀ ਅਤੇ ਰਾਸ਼ਟਰ ਨਿਰਮਾਣ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸੁਪਰੀਮ ਕੋਰਟ ਆਫ਼ ਇੰਡੀਆ ਦੇ ਸੀਨੀਅਰ ਐਡਵੋਕੇਟ ਜਤਿੰਦਰ ਸਿੰਘ ਚੀਮਾ ਨੇ ਵਲੰਟੀਅਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਆਤਮ-ਚਿੰਤਨ, ਜੀਵਨ ਦੇ ਨਿਸ਼ਾਨੇ ਦੀ ਪਛਾਣ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹੋਂਦ ਪ੍ਰਤੀ ਸਤਿਕਾਰ, ਸੰਵੇਦਨਸ਼ੀਲਤਾ ਅਤੇ ਕੁਦਰਤੀ ਸੋਮਿਆਂ ਦੀ ਜ਼ਿੰਮੇਵਾਰ ਵਰਤੋਂ ’ਤੇ ਜ਼ੋਰ ਦਿੱਤਾ। ਇਸ ਮਗਰੋਂ ਵਲੰਟੀਅਰਾਂ ਨੇ ਬੂਟੇ ਲਗਾਉਣ ਦੀ ਮੁਹਿੰਮ ’ਚ ਹਿੱਸਾ ਲਿਆ। ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐੱਨਐੱਸਐੱਸ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਵਧ ਕੇ ਸਮਾਜ ਸੇਵਾ ਦੀ ਭਾਵਨਾ ਵਿਕਸਿਤ ਕਰਨ ਦਾ ਸਾਰਥਕ ਮੰਚ ਪ੍ਰਦਾਨ ਕਰਦਾ ਹੈ। ਐੱਨਐੱਸਐੱਸ ਪ੍ਰੋਗਰਾਮ ਕੋਆਰਡੀਨੇਟਰ ਡਾ. ਹਰਨੀਤ ਬਿਲਿੰਗ ਨੇ ਦੱਸਿਆ ਕਿ ਵਲੰਟੀਅਰਾਂ ਨੇ ਵਾਤਾਵਰਨ ਸੰਭਾਲ ਤੇ ਰਾਸ਼ਟਰ ਨਿਰਮਾਣ ਦੀ ਸਹੁੰ ਚੁੱਕੀ। ਇਸ ਦੌਰਾਨ ਡਾ. ਬਹਾਦਰ ਸਿੰਘ ਦੀ ਅਗਵਾਈ ਹੇਠ ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਵੱਲੋਂ ਵਾਲੀਬਾਲ ਮੈਚ ਕਰਵਾਇਆ ਗਿਆ। ਸਮਾਜਿਕ ਵਿਗਿਆਨ ਫੈਕਲਟੀ ਵੱਲੋਂ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਸਮਾਜਿਕ ਕਦਰਾਂ-ਕੀਮਤਾਂ ਬਾਰੇ ਵਿਚਾਰ-ਵਟਾਂਦਰਾ ਅਤੇ ਵਣਜ ਤੇ ਪ੍ਰਬੰਧਨ ਫੈਕਲਟੀ ਵੱਲੋਂ ਡਾ. ਰੁਚੀ ਮਲਹੋਤਰਾ ਦੀ ਦੇਖ-ਰੇਖ ਹੇਠ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਸਿੱਖਿਆ ਵਿਭਾਗ ਵੱਲੋਂ ਕਰਵਾਏ ਸਮਾਗਮ ਦੌਰਾਨ ਸਹਾਇਕ ਪ੍ਰੋਫੈਸਰ ਰਾਮਨਦੀਪ ਕੌਰ ਨੇ ਆਪਣੇ ਵਿਚਾਰ ਰੱਖੇ, ਜਦਕਿ ਡਾ. ਸੁਮਨ ਪ੍ਰੀਤ ਕੌਰ ਦੀ ਅਗਵਾਈ ਹੇਠ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸੇ ਤਰ੍ਹਾਂ ਡਾ. ਮੋਨਿਕਾ ਏਰੀ ਦੀ ਅਗਵਾਈ ਹੇਠ ਕੈਂਪਸ ਦੀ ਸਫ਼ਾਈ ਮੁਹਿੰਮ ਚਲਾਈ ਗਈ।