- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹਿੰਦ ਦੇ ਟਰੱਕ-ਬੱਸ ਬਾਡੀ ਹੱਬ ਦੇ ਉਜਾੜੇ ਨਾਲ ਹਜ਼ਾਰਾਂ ਕਾਮਿਆਂ ਦੀ ਰੋਜ਼ੀ-ਰੋਟੀ ’ਤੇ ਸੰਕਟ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸਰਹਿੰਦ ਦੇ ਦਹਾਕਿਆਂ ਪੁਰਾਣੇ ਟਰੱਕ ਅਤੇ ਬੱਸ ਬਾਡੀ ਬਣਾਉਣ ਦੇ ਕਾਰੋਬਾਰ ਨਾਲ ਜੁੜੇ ਬਾਡੀ ਬਿਲਡਰਾਂ ਤੇ ਕਾਮਿਆਂ ਸਾਹਮਣੇ ਰੋਜ਼ੀ-ਰੋਟੀ ਦਾ ਗੰਭੀਰ ਸੰਕਟ ਖੜ੍ਹਾ ਹੋ ਗਿਆ ਹੈ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਰਹਿੰਦ ਦੇ ਬਾਡੀ ਬਿਲਡਰਾਂ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਗਰਾ ਨੇ ਕਿਹਾ ਕਿ ਸਰਹਿੰਦ ਦਾ ਟਰੱਕ ਅਤੇ ਬੱਸ ਬਾਡੀ ਹੱਬ ਪੂਰੇ ਭਾਰਤ ’ਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਇਸ ਕਾਰੋਬਾਰ ਨਾਲ ਬਾਡੀ ਬਣਾਉਣ ਵਾਲੇ ਮਾਲਕਾਂ ਅਤੇ ਕਾਮਿਆਂ ਤੋਂ ਇਲਾਵਾ ਮਕੈਨਿਕ, ਵੈਲਡਰ, ਪੇਂਟਰ, ਇਲੈਕਟ੍ਰੀਸ਼ਨ ਅਤੇ ਸਪੇਅਰ ਪਾਰਟਸ ਵਿਕਰੇਤਾ ਸਮੇਤ ਹਜ਼ਾਰਾਂ ਪਰਿਵਾਰ ਜੁੜੇ ਹੋਏ ਹਨ। ਨਾਗਰਾ ਨੇ ਦੋਸ਼ ਲਗਾਇਆ ਕਿ ਸਰਕਾਰ ਇੱਕ ਪਾਸੇ ਨਵੀਂ ਇੰਡਸਟਰੀ ਲਿਆਉਣ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪਹਿਲਾਂ ਤੋਂ ਸਥਾਪਤ ਰਵਾਇਤੀ ਉਦਯੋਗ ਨੂੰ ਉਜਾੜਨ ਵਾਲੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਬਾਡੀ ਬਿਲਡਰਾਂ ਨੂੰ ਝੂਠੇ ਦਿਲਾਸੇ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਸੈਂਕੜੇ ਪਰਿਵਾਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਸਲੇ ਨੂੰ ਸਿਆਸੀ ਨਜ਼ਰੀਏ ਦੀ ਥਾਂ ਰੋਜ਼ੀ-ਰੋਟੀ ਦੇ ਮਾਮਲੇ ਵਜੋਂ ਲੈਂਦਿਆਂ ਤੁਰੰਤ ਹੱਲ ਕੀਤਾ ਜਾਵੇ।