
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੌਜੂਦਾ ਸਰਕਾਰ ਨੌਜਵਾਨਾਂ ਨਾਲ ਕਰ ਰਹੀ ਹੈ ਵਿਤਕਰਾ : ਈਸ਼ਰਪ੍ਰੀਤ ਸਿੱਧੂ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਐੱਨਐੱਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੱਧੂ ਨੇ ਪਿੰਡ ਚਨਾਰਥਲ ਖੁਰਦ ਵਿਖੇ ਨੌਜਵਾਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੌਜੂਦਾ ਸਰਕਾਰ ਦੀਆਂ ਨੀਤੀਆਂ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਤੇ ਇਨ੍ਹਾਂ ਤੋਂ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ, ਪਰ ਮੌਜੂਦਾ ਸਰਕਾਰ ਨੌਜਵਾਨਾਂ ਨਾਲ ਲਗਾਤਾਰ ਵਿਤਕਰਾ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਨੌਜਵਾਨ ਰੁਜ਼ਗਾਰ ਅਤੇ ਹੱਕ ਮੰਗਦੇ ਹਨ ਤਾਂ ਉਨ੍ਹਾਂ ’ਤੇ ਲਾਠੀਚਾਰਜ ਤੇ ਤਸ਼ਦਦ ਢਾਹਿਆ ਜਾਂਦਾ ਹੈ। ਈਸ਼ਰਪ੍ਰੀਤ ਸਿੱਧੂ ਨੇ ਸਥਾਨਕ ਮੁੱਦਿਆਂ ’ਤੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਬਣਿਆਂ ਕਰੀਬ 34 ਸਾਲ ਹੋ ਚੁੱਕੇ ਹਨ, ਪਰ ਇੱਥੇ ਅਜੇ ਤੱਕ ਵਧੀਆ ਸਹੂਲਤਾਂ ਵਾਲਾ ਹਸਪਤਾਲ ਨਹੀਂ ਬਣ ਸਕਿਆ ਅਤੇ ਸਰਕਾਰੀ ਹਸਪਤਾਲ ਮਹਿਜ਼ ਇਕ ‘ਰੈਫਰ ਹਸਪਤਾਲ’ ਬਣ ਕੇ ਰਹਿ ਗਿਆ ਹੈ। ਇਸ ਤੋਂ ਇਲਾਵਾ ਹਲਕੇ ’ਚ ਖੇਡ ਮੈਦਾਨਾਂ ਦੀ ਘਾਟ ਕਾਰਨ ਨੌਜਵਾਨਾਂ ਨੂੰ ਪ੍ਰਾਈਵੇਟ ਜ਼ਮੀਨਾਂ ’ਚ ਟੂਰਨਾਮੈਂਟ ਕਰਵਾਉਣੇ ਪੈ ਰਹੇ ਹਨ ਅਤੇ ਲੋਕ ਸਰਕਾਰੀ ਦਫ਼ਤਰਾਂ ’ਚ ਖੱਜਲ-ਖੁਆਰ ਹੋ ਰਹੇ ਹਨ। ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਈਸ਼ਰਪ੍ਰੀਤ ਸਿੱਧੂ ਦਾ ਸਨਮਾਨ ਕੀਤਾ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।