- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਧੀ ਰਾਤ ਨੂੰ ਹਾਈਵੇਅ 'ਤੇ ਇੱਕ ਪੰਕਚਰ ਟਾਇਰ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ। ਨੈਸ਼ਨਲ ਹਾਈਵੇਅ 'ਤੇ ਪੈਂਦੇ ਪਿੰਡ ਜੂਨਪੁਰ ਦੇ ਨੇੜੇ ਮੈਕਡੋਨਲਡਜ਼ ਕੋਲ ਬੁੱਧਵਾਰ ਰਾਤ ਕਰੀਬ 2 ਵਜੇ ਹੋਏ ਹਾਦਸੇ ਵਿੱਚ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅੱਧੀ ਰਾਤ ਨੂੰ ਹਾਈਵੇਅ 'ਤੇ ਇੱਕ ਪੰਕਚਰ ਟਾਇਰ ਨੇ ਦੋ ਘਰਾਂ ਦੇ ਚਿਰਾਗ ਬੁਝਾ ਦਿੱਤੇ। ਨੈਸ਼ਨਲ ਹਾਈਵੇਅ 'ਤੇ ਪੈਂਦੇ ਪਿੰਡ ਜੂਨਪੁਰ ਦੇ ਨੇੜੇ ਮੈਕਡੋਨਲਡਜ਼ ਕੋਲ ਬੁੱਧਵਾਰ ਰਾਤ ਕਰੀਬ 2 ਵਜੇ ਹੋਏ ਹਾਦਸੇ ਵਿੱਚ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਦੋਵੇਂ ਯੂਰਪ ਜਾ ਕੇ ਆਪਣੀ ਜ਼ਿੰਦਗੀ ਸੰਵਾਰਨ ਦਾ ਸੁਪਨਾ ਲੈ ਕੇ ਸਫ਼ਰ 'ਤੇ ਨਿਕਲੇ ਸਨ। ਕਾਰ ਦਾ ਟਾਇਰ ਪੰਕਚਰ ਹੋਣ 'ਤੇ ਮਦਦ ਮੰਗਣ ਲਈ ਸੜਕ ਕਿਨਾਰੇ ਖੜ੍ਹੇ ਨੌਜਵਾਨਾਂ ਨੂੰ ਅੰਬਾਲਾ ਵੱਲੋਂ ਆਏ ਇੱਕ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ। ਮ੍ਰਿਤਕਾਂ ਦੀ ਪਛਾਣ ਕੈਥਲ ਦੇ ਪਿੰਡ ਬਰੋਟ ਦੇ ਰਹਿਣ ਵਾਲੇ ਕਾਰਤਿਕ ਭਾਰਦਵਾਜ ਅਤੇ ਪਿੰਡ ਡਾਂਡ ਦੇ ਰਹਿਣ ਵਾਲੇ ਰਜਤ ਵਜੋਂ ਹੋਈ ਹੈ।
ਦੋਵਾਂ ਦੀ ਉਮਰ 23 ਤੋਂ 24 ਸਾਲ ਦੇ ਦਰਮਿਆਨ ਸੀ। ਦੋਵਾਂ ਨੇ ਯੂਰਪ ਜਾਣ ਲਈ ਵੀਜ਼ਾ ਅਪਲਾਈ ਕੀਤਾ ਹੋਇਆ ਸੀ। ਉਸੇ ਸਿਲਸਿਲੇ ਵਿੱਚ ਬਾਇਓਮੀਟ੍ਰਿਕ ਕਰਵਾਉਣ ਲਈ ਵੀਰਵਾਰ ਸਵੇਰੇ ਉਨ੍ਹਾਂ ਨੇ ਜਲੰਧਰ ਪਹੁੰਚਣਾ ਸੀ। ਉਹ ਰਾਤ ਦਾ ਸਫ਼ਰ ਤੈਅ ਕਰਕੇ ਸਮੇਂ ਸਿਰ ਉੱਥੇ ਪਹੁੰਚਣਾ ਚਾਹੁੰਦੇ ਸਨ।
ਕਾਰ ਵਿੱਚ ਉਨ੍ਹਾਂ ਦੇ ਨਾਲ ਉੱਤਰਾਖੰਡ ਦੇ ਰੁਦਰਪੁਰ ਜ਼ਿਲ੍ਹੇ ਦੇ ਪਿੰਡ ਮਾਲਸੀ ਦਾ ਹਰਸ਼ ਸ਼ਰਮਾ ਅਤੇ ਕੈਥਲ ਦੇ ਪਿੰਡ ਬਰੋਟ ਦਾ ਸੰਜੀਵ ਵੀ ਮੌਜੂਦ ਸੀ। ਚਾਰੇ ਦੋਸਤ ਇਸ ਅਹਿਮ ਪੜਾਅ ਲਈ ਇੱਕਠੇ ਨਿਕਲੇ ਸਨ।
ਥਾਣਾ ਮੁੂਲੇਪੁਰ ਪੁਲਿਸ ਅਨੁਸਾਰ, ਰਾਤ ਕਰੀਬ 2 ਵਜੇ ਜੂਨਪੁਰ ਨੇੜੇ ਕਾਰ ਦੇ ਡਰਾਈਵਰ ਸਾਈਡ ਦਾ ਅਗਲਾ ਟਾਇਰ ਪੰਕਚਰ ਹੋ ਗਿਆ। ਕਾਰ ਵਿੱਚ ਜੈੱਕ ਨਹੀਂ ਸੀ। ਮਦਦ ਲਈ ਚਾਰਾਂ ਨੇ ਕਈ ਵਾਹਨਾਂ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੋਈ ਨਹੀਂ ਰੁਕਿਆ। ਇੱਕ ਟਰੱਕ ਚਾਲਕ ਰੁਕਿਆ, ਪਰ ਉਸ ਕੋਲ ਕਾਰ ਵਾਲਾ ਜੈੱਕ ਨਹੀਂ ਸੀ।
ਉਹ ਵੀ ਮਦਦ ਲਈ ਉੱਥੇ ਖੜ੍ਹਾ ਹੋ ਗਿਆ। ਇਸੇ ਦੌਰਾਨ ਅੰਬਾਲਾ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਕਾਰਤਿਕ, ਰਜਤ ਅਤੇ ਹਰਸ਼ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰਤਿਕ ਅਤੇ ਰਜਤ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਹਰਸ਼ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸੰਜੀਵ ਕੁਝ ਦੂਰੀ 'ਤੇ ਪਹਿਲਾਂ ਤੋਂ ਰੁਕੇ ਟਰੱਕ ਕੋਲ ਖੜ੍ਹਾ ਸੀ, ਜਿਸ ਕਾਰਨ ਉਹ ਬਚ ਗਿਆ।
ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਹਰਸ਼ ਸ਼ਰਮਾ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਦੂਜੇ ਪਾਸੇ ਸੰਜੀਵ ਨੇ ਪੁਲਿਸ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਉਸ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਮੁੂਲੇਪੁਰ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਰੁਪਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਟਰੱਕ ਦੀ ਭਾਲ ਜਾਰੀ ਹੈ। ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵੀਰਵਾਰ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।