ਮਾਨਸਿਕ ਤਣਾਅ ਤੋਂ ਛੁਟਕਾਰੇ ਲਈ ਟੈਲੀ-ਮਾਨਸ ਸੇਵਾਵਾਂ ਲਾਹੇਵੰਦ : ਸਿਵਲ ਸਰਜਨ
ਮਾਨਸਿਕ ਤਣਾਅ ਤੋਂ ਛੁਟਕਾਰਾ ਲਈ ਟੈਲੀ-ਮਾਨਸ ਸੇਵਾਵਾਂ ਲਾਹੇਵੰਦ: ਸਿਵਲ ਸਰਜਨ
Publish Date: Thu, 19 Feb 2026 05:18 PM (IST)
Updated Date: Thu, 19 Feb 2026 05:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਿਦਾਇਤਾਂ ਅਨੁਸਾਰ ਅਤੇ ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਦੀ ਅਗਵਾਈ ਹੇਠ ਸੂਬੇ ਵਿਚ ਸਿਹਤ ਵਿਭਾਗ ਵੱਲੋਂ ਟੈਲੀ-ਮਾਨਸ ਸੇਵਾਵਾਂ ਬਾਰੇ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਮਾਨਸਿਕ ਤਨਾਅ ਜਾਂ ਮਾਨਸਿਕ ਰੋਗਾਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਮਾਹਿਰਾਂ ਦੀ ਸਲਾਹ ਤੁਰੰਤ ਅਤੇ ਸੌਖੇ ਢੰਗ ਨਾਲ ਮਿਲ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਟੈਲੀ-ਮਾਨਸ ਇੱਕ ਐਪ ਹੈ ਜਿਸ ਰਾਹੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ, ਡਿਪਰੈਸ਼ਨ, ਚਿੰਤਾ, ਤਣਾਅ, ਪਰਿਵਾਰਕ ਮਸਲੇ ਵਰਗੇ ਵੱਖ-ਵੱਖ ਮੁੱਦਿਆਂ ਬਾਰੇ ਮੁਫ਼ਤ ਸਲਾਹ ਮਸ਼ਵਰਾ ਫੋਨ ਕਾਲ ਰਾਹੀਂ ਦਿੱਤਾ ਜਾਂਦਾ ਹੈ। ਇਹ ਟੋਲ ਫਰੀ ਹੈਲਪਲਾਈਨ 24 ਘੰਟੇ ਉਪਲੱਬਧ ਹੈ ਜਿੱਥੇ ਤਜਰਬੇਕਾਰ ਕੌਂਸਲਰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਦਾ ਹੱਲ ਸੁਝਾਉਂਦੇ ਹਨ ਅਤੇ ਕਾਲਰ ਦੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਸਰੀਰਕ ਸਿਹਤ ਵਾਂਗ ਹੀ ਮਹੱਤਵਪੂਰਨ ਹੈ ਅਤੇ ਸਮੇਂ ਸਿਰ ਮਾਹਿਰਾਂ ਨਾਲ ਗੱਲਬਾਤ ਕਰਨ ਨਾਲ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਟੋਲ ਫਰੀ ਨੰਬਰ 14416 ਅਤੇ 1800-89-14416 ਤੇ ਕਾਲ ਕਰਕੇ ਟੈਲੀ-ਮਾਨਸ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਇਸ ਸੇਵਾ ਰਾਹੀਂ ਚਿੰਤਾ, ਤਨਾਅ, ਡਿਪਰੈਸ਼ਨ, ਘਬਰਾਹਟ, ਨਸ਼ਾ ਛੁਡਾਉਣ, ਉਦਾਸੀ, ਨੀਂਦ ਨਾ ਆਉਣਾ, ਵਹਿਮ, ਪ੍ਰੀਖਿਆ ਤਣਾਅ, ਪਰਿਵਾਰਿਕ ਮਸਲੇ, ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਵਿਚਾਰ ਵਰਗੀਆਂ ਸਮੱਸਿਆਵਾਂ ਬਾਰੇ ਸਿੱਧੀ ਗੱਲਬਾਤ ਰਾਹੀਂ ਮਦਦ ਮਿਲਦੀ ਹੈ ਅਤੇ ਸੇਵਾ ਲੈਣ ਵਾਲੇ ਦੀ ਪਛਾਣ ਗੁਪਤ ਰਹਿੰਦੀ ਹੈ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਕਿ ਇਸ ਸੇਵਾ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਾਰੁਲ ਗੁਪਤਾ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਪਰਵਿੰਦਰ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।