’ਵਰਸਿਟੀ ’ਚ ਅਧਿਆਪਕ ਦਿਹਾੜਾ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ’ਚ ਅਧਿਆਪਕ ਦਿਹਾੜਾ ਉਤਸ਼ਾਹ ਨਾਲ ਮਨਾਇਆ
Publish Date: Fri, 11 Sep 2026 05:36 PM (IST)
Updated Date: Fri, 11 Sep 2026 05:37 PM (IST)
ਫ਼ੋਟੋ ਫ਼ਾਈਲ :6 ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਅਧਿਆਪਕ ਦਿਵਸ ਮੌਕੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਅਧਿਆਪਕ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਅਧਿਆਪਕਾਂ ਦੀ ਸਮਰਪਣ ਭਾਵਨਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਕਰਵਾਇਆ ਗਿਆ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਕਿਸੇ ਵੀ ਵਿੱਦਿਅਕ ਸੰਸਥਾ ਦੀ ਮਜ਼ਬੂਤ ਨੀਂਹ ਹੁੰਦੇ ਹਨ, ਜੋ ਵਿਦਿਆਰਥੀਆਂ ਦੇ ਅਕਾਦਮਿਕ ਭਵਿੱਖ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਕਦਰਾਂ-ਕੀਮਤਾਂ ਨੂੰ ਵੀ ਤਰਾਸ਼ਦੇ ਹਨ। ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਵਿਧੀਆਂ ਅਤੇ ਬਦਲਦੀਆਂ ਵਿੱਦਿਅਕ ਲੋੜਾਂ ਅਨੁਸਾਰ ਖ਼ੁਦ ਨੂੰ ਲਗਾਤਾਰ ਢਾਲਦੇ ਰਹਿਣਾ ਚਾਹੀਦਾ ਹੈ। ਸਮਾਗਮ ਦੇ ਕਨਵੀਨਰ ਡਾ. ਹਰਨੀਤ ਬਿਲਿੰਗ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸੰਗੀਤ ਅਤੇ ਨਾਚ ਦੀਆਂ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਅਧਿਆਪਕਾਂ ਪ੍ਰਤੀ ਸਤਿਕਾਰ ਪ੍ਰਗਟ ਕੀਤਾ ਗਿਆ। ਸਮਾਗਮ ਦੌਰਾਨ ਅਧਿਆਪਕਾਂ ਲਈ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਅਖ਼ੀਰ ’ਚ ਗਣਿਤ ਵਿਭਾਗ ਦੇ ਮੁਖੀ ਡਾ. ਰਿਚਾ ਬਰਾੜ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਸਮਾਗਮ ਨੂੰ ਕਾਮਯਾਬ ਬਣਾਉਣ ਵਾਲੇ ਸਮੂਹ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।