- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਜਥੇਬੰਦੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮੁੱਖ ਮੰਤਰੀ ਦੇ ਨਾਂ ਸੌਂਪਿਆ ਮੰਗ ਪੱਤਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋਂ : ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂ ਲਛਮਣ ਸਿੰਘ ਨਵੀਪੁਰ, ਰਾਜੇਸ਼ ਕੁਮਾਰ ਅਮਲੋਹ, ਜੋਸ਼ੀਲ ਤਿਵਾੜੀ ਅਤੇ ਜਤਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਸਿੱਖਿਆ ਰੁਪਿੰਦਰ ਕੌਰ ਦੇ ਸੱਦੇ ’ਤੇ ਮੀਟਿੰਗ ਰੱਖੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਗ਼ੈਰ-ਹਾਜ਼ਰ ਰਹਿਣ ਕਾਰਨ ਇਹ ਮੀਟਿੰਗ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਮਾਂਗਟ ਨਾਲ ਹੋਈ, ਜਿਸ ਦੌਰਾਨ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਮੀਟਿੰਗ ਦੌਰਾਨ ਅਧਿਆਪਕਾਂ ਤੋਂ ਗ਼ੈਰ-ਵਿੱਦਿਅਕ ਕੰਮ ਲੈਣੇ ਬੰਦ ਕਰਨ, ਬੇਲੋੜੀ ਡਾਕ ਮੰਗਣ ’ਤੇ ਰੋਕ ਲਾਉਣ, ਸਕੂਲੀ ਖੇਡਾਂ ਲਈ ਫ਼ੰਡ ਜਾਰੀ ਕਰਨ, ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਵਿਦਿਆਰਥੀਆਂ ਦੀ ਜਬਰੀ ਰਜਿਸਟ੍ਰੇਸ਼ਨ ਬੰਦ ਕਰਨ, ਸਫ਼ਾਈ ਸੇਵਕਾਂ ਦੀ ਨਿਯੁਕਤੀ ਕਰਨ, ਮਿੱਡ ਡੇ ਮੀਲ ਦੇ ਰਾਸ਼ਨ ਤੇ ਫ਼ਲਾਂ ਦੇ ਬਿੱਲਾਂ ’ਤੇ ਜੀਐੱਸਟੀ ਦੀ ਸ਼ਰਤ ਹਟਾਉਣ ਅਤੇ ਐੱਸਐੱਮਸੀ ਕਮੇਟੀਆਂ ਰਾਹੀਂ ਸਰਕਾਰੀ ਸਕੀਮਾਂ ਦਾ ਪ੍ਰਚਾਰ ਬੰਦ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਗ਼ੈਰ-ਵਿੱਦਿਅਕ ਕੰਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਜਗਤਾਰ ਸਿੰਘ ਫੈਜ਼ੁੱਲਾਪੁਰ, ਬੇਅੰਤ ਸਿੰਘ ਭਾਂਬਰੀ, ਜਸਪਾਲ ਸਿੰਘ ਢੀਂਡਸਾ, ਜੋਸ਼ੀਲ ਤਿਵਾੜੀ, ਅਮਰਜੀਤ ਸਿੰਘ, ਰਾਜਵਿੰਦਰ ਸਿੰਘ ਖੇੜਾ, ਰਣਜੀਤ ਸਿੰਘ ਬਰਵਾਲੀ, ਰਾਜਿੰਦਰ ਸਿੰਘ ਰਾਜਨ, ਆਸ਼ੂਤੋਸ਼ ਧੀਮਾਨ, ਬਲਵੰਤ ਸਿੰਘ, ਗੁਲਸ਼ਨ ਕੁਮਾਰ, ਅਮਰਜੀਤ ਵਰਮਾ, ਭੁਪਿੰਦਰ ਸਿੰਘ ਅਮਲੋਹ, ਪ੍ਰਗਟ ਸਿੰਘ ਅੰਨੀਆਂ, ਗੁਰਪਾਲ ਸਿੰਘ, ਗਗਨਜੀਤ ਸਿੰਘ, ਸੁਖਵਿੰਦਰ ਸਿੰਘ ਅੰਨੀਆਂ, ਮਨਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਮੌਜੂਦ ਸਨ।