ਸਰਕਾਰ ਆਉਣ ’ਤੇ ਉਦਯੋਗਾਂ ਨੂੰ ਦਿਆਂਗੇ 5 ਰੁਪਏ ਪ੍ਰਤੀ ਯੂਨਿਟ ਬਿਜਲੀ : ਸੁਖਬੀਰ ਅਕਾਲੀ ਸਰਕਾਰ ਬਣੀ ਤਾਂ ਬਿਨਾਂ ਆਗਿਆ ਤੋਂ ਅਧਿਕਾਰੀ ਕਿਸੇ ਵੀ ਇੰਡਸਟਰੀ ਵਿੱਚ ਨਹੀਂ ਜਾ ਸਕਣਗੇ : ਸੁਖਬੀਰ ਬਾਦਲ
Publish Date: Wed, 18 Nov 2026 07:54 PM (IST)
Updated Date: Wed, 18 Nov 2026 07:57 PM (IST)
ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਡੀ ਗੋਬਿੰਦਗੜ੍ਹ ਦੇ ਜੀਸੀਐਲ ਕਲੱਬ ਵਿਖੇ ਅਮਲੋਹ ਹਲਕੇ ਦੇ ਵਪਾਰੀਆਂ ਤੇ ਸਨਅਤਕਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਅਮਲੋਹ ਹਲਕੇ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਕਰਵਾਏ ਇਸ ਸਿੱਧੇ ਸੰਵਾਦ ਦੌਰਾਨ ਵਪਾਰੀਆਂ ਨੇ ਕਾਨੂੰਨ ਵਿਵਸਥਾ, ਬਿਜਲੀ ਅਤੇ ਟੈਕਸਾਂ ਸਬੰਧੀ ਸਮੱਸਿਆਵਾਂ ਰੱਖੀਆਂ। ਬਾਦਲ ਨੇ ਵਾਅਦਾ ਕੀਤਾ ਕਿ 2027 ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਨਕਮ ਟੈਕਸ, ਸੇਲ ਟੈਕਸ ਤੇ ਜੀਐਸਟੀ ਵਿਭਾਗ ਦੀ ਲੁੱਟ ਬੰਦ ਕਰਵਾਈ ਜਾਵੇਗੀ ਅਤੇ ਕੋਈ ਵੀ ਅਧਿਕਾਰੀ ਬਿਨਾਂ ਆਗਿਆ ਕਿਸੇ ਇੰਡਸਟਰੀ ’ਚ ਦਾਖ਼ਲ ਨਹੀਂ ਹੋ ਸਕੇਗਾ। ਉਨ੍ਹਾਂ ਹਲਕੇ ਦੇ ਹਰ ਮਸਲੇ ਦੇ ਤੁਰੰਤ ਹੱਲ ਲਈ ਰਾਜੂ ਖੰਨਾ ਨੂੰ ਵੱਡੀ ਜਿੱਤ ਦਿਵਾਉਣ ਦੀ ਅਪੀਲ ਕੀਤੀ। ਸਨਅਤਕਾਰਾਂ ਨੇ 8 ਤੋਂ 10 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ, ਅਣਐਲਾਨੇ ਕੱਟਾਂ ਅਤੇ ਫਿਕਸਡ ਚਾਰਜਾਂ ’ਤੇ ਇਤਰਾਜ਼ ਜਤਾਇਆ। ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ, ਫਿਕਸਡ ਚਾਰਜ ਖ਼ਤਮ ਹੋਣਗੇ ਅਤੇ ਪੰਜਾਬ ਦਾ 24 ਘੰਟੇ ਸਰਪਲੱਸ ਬਿਜਲੀ ਵਾਲਾ ਦਰਜਾ ਮੁੜ ਕਾਇਮ ਹੋਵੇਗਾ। ਜੀਐਸਟੀ ਐਕਟ ਦੀਆਂ ਧਾਰਾਵਾਂ 71, 73 ਅਤੇ 74 ਤਹਿਤ ਜਾਰੀ ਨੋਟਿਸਾਂ ਬਾਰੇ ਉਨ੍ਹਾਂ ਕਿਹਾ ਕਿ ਬੀਡੀਐਸ ਸਕੀਮ ਲਾਗੂ ਕਰ ਕੇ ਹਰ ਨੋਟਿਸ ਦੀ ਜਾਂਚ ਹੋਵੇਗੀ ਅਤੇ ਕਿਸੇ ’ਤੇ ਪੈਨਲਟੀ ਜਾਂ ਵਿਆਜ ਦਾ ਬੋਝ ਨਹੀਂ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੀਐਸਟੀ ਦੀਆਂ ਹੋਰ ਸਮੱਸਿਆਵਾਂ ਕੇਂਦਰ ਸਰਕਾਰ ਨਾਲ ਮਿਲ ਕੇ ਹੱਲ ਕੀਤੀਆਂ ਜਾਣਗੀਆਂ। ਮੋਬਾਈਲ ਵਿੰਗ ਦੇ ਅਧਿਕਾਰੀ ਸਿਰਫ਼ ਆਪਣੇ ਜ਼ਿਲ੍ਹੇ ’ਚ ਡਿਊਟੀ ਕਰਨਗੇ ਅਤੇ ਰਾਤ ਜਾਂ ਤੜਕਸਾਰ ਫੈਕਟਰੀਆਂ ’ਚ ਨਹੀਂ ਜਾਣਗੇ। ਸਟੀਲ ਵਪਾਰੀਆਂ ਨੇ ਦੱਸਿਆ ਕਿ ਦੂਜੇ ਸੂਬਿਆਂ ਤੋਂ ਬਿੱਲ ਸਮੇਤ ਆਉਂਦੇ ਸਕਰੈਪ ਦੇ ਟਰੱਕ ਰੋਕ ਕੇ ਭਾਰੀ ਜੁਰਮਾਨੇ ਲਾਏ ਜਾਂਦੇ ਹਨ, ਜਦਕਿ 60 ਕਿਲੋਮੀਟਰ ਦੂਰ ਹਿਮਾਚਲ ’ਚ ਸਕਰੈਪ ਆਸਾਨੀ ਨਾਲ ਮਿਲਦਾ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੀ ਸਰਕਾਰ ਵੇਲੇ ਸਕਰੈਪ ਦੀ ਸਮੱਸਿਆ 4.95 ਫ਼ੀਸਦੀ ਤੋਂ ਘਟਾ ਕੇ 1 ਫ਼ੀਸਦੀ ਕੀਤੀ ਸੀ ਅਤੇ ਹੁਣ ਵਿਭਾਗੀ ਕਮੇਟੀ ਬਣਾ ਕੇ ਪੱਕਾ ਹੱਲ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਬਿਨਾਂ ਨੋਟਿਸ ਕਿਸੇ ਫਰਮ ਦਾ ਜੀਐਸਟੀ ਨੰਬਰ ਰੱਦ ਜਾਂ ਸਸਪੈਂਡ ਨਹੀਂ ਹੋਵੇਗਾ। ਪ੍ਰਦੂਸ਼ਣ ਕੰਟਰੋਲ ਬਾਰੇ ਉਨ੍ਹਾਂ ਕਿਹਾ ਕਿ ਤਕਨੀਕੀ ਇੰਜੀਨੀਅਰਾਂ ਦੀ ਟੀਮ ਯੂਨਿਟਾਂ ਦੀ ਜਾਂਚ ਕਰੇਗੀ ਅਤੇ ਜੇਕਰ ਪਹਿਲਾਂ ਲੱਗੇ ਯੰਤਰ ਠੀਕ ਚੱਲ ਰਹੇ ਹਨ ਤਾਂ ਨਵੇਂ ਨਹੀਂ ਲਗਵਾਏ ਜਾਣਗੇ। ਟਰਾਂਸਪੋਰਟਰਾਂ ਦੀ ਮੰਗ ’ਤੇ ਬਾਦਲ ਨੇ ਕਿਹਾ ਕਿ ਨਵੇਂ-ਪੁਰਾਣੇ ਪ੍ਰਾਈਵੇਟ ਟਰੱਕਾਂ ਤੋਂ ਸਾਲਾਨਾ ਦੀ ਥਾਂ ਮੁੜ ਤਿੰਨ ਮਹੀਨਿਆਂ ਬਾਅਦ ਟੈਕਸ ਲਿਆ ਜਾਵੇਗਾ। ਜਾਮ ਤੋਂ ਰਾਹਤ ਲਈ ਡੀਟੀਓ ਦੀ ਚੈਕਿੰਗ ਸ਼ਹਿਰਾਂ ਤੋਂ ਬਾਹਰ ਹੋਵੇਗੀ ਅਤੇ ਪੁਲਿਸ ਸਿਰਫ਼ ਸਹੀ ਰਿਪੋਰਟ ਮਿਲਣ ’ਤੇ ਹੀ ਟਰੱਕ ਰੋਕ ਸਕੇਗੀ। ਸ਼ਹਿਰ ਦੇ ਬਾਹਰਵਾਰ 5 ਤੋਂ 7 ਕਿਲੋਮੀਟਰ ਤੱਕ ਫੈਲੇ ਸਨਅਤੀ ਖੇਤਰ ’ਚ ਹਰ ਮਹੀਨੇ 7 ਅਤੇ 22 ਤਰੀਕ ਨੂੰ ਤਨਖ਼ਾਹ ਤੇ ਐਡਵਾਂਸ ਲੈ ਕੇ ਘਰ ਜਾਂਦੇ ਮੁਲਾਜ਼ਮਾਂ ਨਾਲ ਹੁੰਦੀਆਂ ਲੁੱਟਾਂ-ਖੋਹਾਂ ਅਤੇ ਨਸ਼ਿਆਂ ਦੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਬੰਦ ਕੀਤੀਆਂ ਪੁਲਿਸ ਚੌਕੀਆਂ ਮੁੜ ਖੋਲ੍ਹ ਕੇ ਗਸ਼ਤ ਸ਼ੁਰੂ ਕੀਤੀ ਜਾਵੇਗੀ। ਅਮਲੋਹ ਹਲਕੇ ਦੇ 80 ਫ਼ੀਸਦੀ ਕਿਸਾਨਾਂ ਦੀ ਆਲੂ ਅਤੇ ਮੱਕੀ ਦੀ ਫ਼ਸਲ ਲਈ ਉਨ੍ਹਾਂ ਪਹਿਲਾਂ ਕੀਤੇ ਐਲਾਨ ਮੁਤਾਬਕ ਫੂਡ ਪ੍ਰੋਸੈਸਿੰਗ ਯੂਨਿਟ ਲਾਉਣ ਦਾ ਭਰੋਸਾ ਦੁਹਰਾਇਆ।ਇਸ ਮੌਕੇ ਰਾਜੂ ਖੰਨਾ ਦੀ ਅਗਵਾਈ ਹੇਠ ਸਨਅਤਕਾਰਾਂ ਵੱਲੋਂ ਬਾਦਲ ਦਾ ਸਨਮਾਨ ਕੀਤਾ ਗਿਆ। ਮੀਟਿੰਗ ’ਚ ਇੰਡਸਟਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਭੂਸ਼ਨ ਟੋਨੀ, ਗੋਪਾਲ ਸਿੰਘੀ, ਸੁਭਾਸ਼ ਬਾਂਸਲ, ਮਹਿੰਦਰ ਗੁਪਤਾ, ਕੇਕੇ ਜਿੰਦਲ, ਜਤਿੰਦਰ ਸਿੰਘ ਧਾਲੀਵਾਲ, ਪ੍ਰਦੀਪ ਭੱਲਾ, ਦਰਸ਼ਨ ਨਲਾਸ, ਸਕਰੈਪ ਐਸੋਸੀਏਸ਼ਨ ਪ੍ਰਧਾਨ ਭਗਵਾਨ ਦਾਸ, ਬਹਾਦਰ ਸਿੰਘ ਹੈਬਤਪੁਰ, ਜਸਵਿੰਦਰ ਸਿੰਘ ਬੱਬਲੂ, ਰਾਕੇਸ਼ ਕੁਮਾਰ ਗਰਗ, ਭਿੰਦਰ ਸਿੰਘ ਮੰਡੀ, ਵੇਦ ਪ੍ਰਕਾਸ਼ ਕਰੇਸੀਆ, ਅੰਕਿਤ ਜਿੰਦਲ, ਮਦਨ ਲਾਲ ਗੁਪਤਾ, ਸੈਕੀ ਖੁਰਾਣਾ, ਸੌਰਭ ਜੈਨ, ਦਵਿੰਦਰ ਸਿੰਘ, ਪੰਕਜ ਜੈਨ, ਰਾਕੇਸ਼ ਗੁਪਤਾ, ਜਥੇਦਾਰ ਨਾਜਰ ਸਿੰਘ ਅਤੇ ਬਾਬਾ ਨਿਸ਼ਾਨ ਸਿੰਘ ਮੌਜੂਦ ਸਨ।