- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਬੀਰ ਬਾਦਲ 2 ਨਵੰਬਰ ਨੂੰ ਫਤਹਿਗੜ੍ਹ ਸਾਹਿਬ ’ਚ ਉਦਯੋਗਪਤੀਆਂ ਨਾਲ ਕਰਨਗੇ ਮੀਟਿੰਗ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 2 ਨਵੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹੇ ਦੇ ਉਦਯੋਗਪਤੀਆਂ ਨਾਲ ਅਹਿਮ ਮੀਟਿੰਗ ਕਰਨਗੇ। ਇਹ ਜਾਣਕਾਰੀ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਨੇ ਹਮੇਸ਼ਾ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਸਹੂਲਤਾਂ ਅਤੇ ਸਕੀਮਾਂ ਮੁਹੱਈਆ ਕਰਵਾਈਆਂ ਹਨ। ਬਲਜੀਤ ਸਿੰਘ ਭੁੱਟਾ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਰਨਾਥਲ, ਪੀਏਸੀ ਮੈਂਬਰ ਦਿਲਬਾਗ ਸਿੰਘ ਬਾਘਾ, ਹਰਵਿੰਦਰ ਸਿੰਘ ਬੱਬਲ ਅਤੇ ਵਪਾਰ ਵਿੰਗ ਦੇ ਪ੍ਰਧਾਨ ਪੰਕਜ ਸ਼ਰਮਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਹੂਲਤਾਂ ਨਾ ਦਿੱਤੇ ਜਾਣ ਕਾਰਨ ਸੂਬੇ ਦੇ ਉਦਯੋਗ ਬੰਦ ਹੋਣ ਕੰਢੇ ਪੁੱਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ’ਚ ਉਦਯੋਗਾਂ ਦਾ ਵੱਡਾ ਯੋਗਦਾਨ ਹੈ ਅਤੇ ਮੌਜੂਦਾ ਸਰਕਾਰ ਦੀ ਬੇਰੁਖ਼ੀ ਕਾਰਨ ਉਦਯੋਗਪਤੀ ਨਿਰਾਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ 2027 ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਦਯੋਗਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ ਅਤੇ ਸਮੱਸਿਆਵਾਂ ਦਾ ਸਮਾਂਬੱਧ ਹੱਲ ਹੋਵੇਗਾ। ਇਸ ਮੌਕੇ ਬੀਸੀ ਵਿੰਗ ਦੇ ਹਲਕਾ ਪ੍ਰਧਾਨ ਜਰਨੈਲ ਸਿੰਘ ਖ਼ਾਲਸਾ, ਐੱਸਸੀ ਵਿੰਗ ਦੇ ਸ਼ਹਿਰੀ ਪ੍ਰਧਾਨ ਬਲਜੀਤ ਸਿੰਘ ਖ਼ਾਲਸਾ, ਵਪਾਰ ਵਿੰਗ ਦੇ ਮੀਤ ਪ੍ਰਧਾਨ ਨਰੇਸ਼ ਕੁਮਾਰ ਸਰਹਿੰਦ, ਸੁਖਵਿੰਦਰ ਸਿੰਘ, ਯੂਥ ਆਗੂ ਅਰਵਿੰਦਰ ਸਿੰਘ ਖੋਜੇਮਾਜਰਾ, ਇੰਦਰਜੀਤ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ ਹਾਜ਼ਰ ਸਨ।