ਸੁਖਬੀਰ ਬਾਦਲ ਨੇ ਫਤਹਿਗੜ੍ਹ ਸਾਹਬ ਤੋਂ ਭੁੱਟਾ ਨੂੰ ਦਿੱਤਾ ਥਾਪੜਾ ਸੁਖਬੀਰ ਬਾਦਲ ਨੇ ਫਤਹਿਗੜ੍ਹ ਸਾਹਬ ਤੋਂ ਭੁੱਟਾ ਨੂੰ ਦਿੱਤਾ ਥਾਪੜਾ
Publish Date: Tue, 15 Sep 2026 07:45 PM (IST)
Updated Date: Tue, 15 Sep 2026 07:47 PM (IST)
--ਕਿਹਾ, ਜ਼ਮੀਨ ਨਾਲ ਜੁੜੇ ਆਗੂ ਹੀ ਪੰਜਾਬ ਦੀ ਸੇਵਾ ਕਰ ਸਕਦੇ ਹਨ ਫ਼ੋਟੋ ਫ਼ਾਈਲ : 22 ਅਕਾਲੀ ਦਲ ਦੀ ਰੈਲੀ ਦੌਰਾਨ ਮੰਚ ’ਤੇ ਸੁਖਬੀਰ ਸਿੰਘ ਬਾਦਲ ਤੇ ਬਲਜੀਤ ਸਿੰਘ ਭੁੱਟਾ। ਗੁਰਪ੍ਰੀਤ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਫਤਹਿਗੜ੍ਹ ਸਾਹਿਬ ਹਲਕੇ ਤੋਂ ਬਲਜੀਤ ਸਿੰਘ ਭੁੱਟਾ ਹੀ ਅਗਲੇ ਵਿਧਾਇਕ ਬਣਨਗੇ। ਹਲਕੇ ’ਚ ਕਰਵਾਈ ‘ਪੰਜਾਬ ਬਚਾਓ ਰੈਲੀ’ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਲਈ ਜ਼ਮੀਨ ਨਾਲ ਜੁੜੇ ਆਗੂਆਂ ਦੀ ਲੋੜ ਹੈ ਅਤੇ ਭੁੱਟਾ ਨੇ ਆਪਣੀ ਮਿਹਨਤ ਨਾਲ ਇਹ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ 24 ਸਾਲ ਦੀ ਉਮਰ ’ਚ ਸਰਪੰਚੀ ਤੋਂ ਸਿਆਸੀ ਸਫ਼ਰ ਸ਼ੁਰੂ ਕਰ ਕੇ ਜ਼ਿਲ੍ਹਾ ਪ੍ਰੀਸ਼ਦ, ਵਿਧਾਇਕ, ਸੰਸਦ ਮੈਂਬਰ ਅਤੇ ਮੁੱਖ ਮੰਤਰੀ ਵਜੋਂ ਪੰਜਾਬ ਦੀ 70 ਸਾਲ ਨਿਰਸੁਆਰਥ ਸੇਵਾ ਕੀਤੀ, ਉਸੇ ਤਰ੍ਹਾਂ ਬਲਜੀਤ ਸਿੰਘ ਭੁੱਟਾ ਵੀ ਇੱਕ ਗ਼ਰੀਬ ਕਿਸਾਨ ਪਰਿਵਾਰ ’ਚੋਂ ਉੱਠ ਕੇ ਪਿੰਡ ਦੇ ਸਰਪੰਚ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਣੇ ਹਨ। ਉਨ੍ਹਾਂ ਹਲਕੇ ਦੇ ਪੁਰਾਣੇ ਆਗੂਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਹਿਲਾਂ ਕਈ ਅਜਿਹੇ ਆਗੂ ਸਨ ਜਿਹੜੇ ਨਾ ਖ਼ੁਦ ਕੰਮ ਕਰਦੇ ਸਨ ਅਤੇ ਨਾ ਕਿਸੇ ਹੋਰ ਨੂੰ ਕਰਨ ਦਿੰਦੇ ਸਨ, ਪਰ ਹੁਣ ਅਜਿਹੇ ਲੋਕਾਂ ਤੋਂ ਖਹਿੜਾ ਛੁੱਟ ਚੁੱਕਾ ਹੈ ਅਤੇ ਪਾਰਟੀ ਕੋਲ ਨੌਜਵਾਨਾਂ ਦੀ ਮਜ਼ਬੂਤ ਟੀਮ ਤਿਆਰ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ’ਚ ਅਕਾਲੀ ਦਲ ਦੇ ਹੱਕ ਵਿਚ ਹਨੇਰੀ ਚੱਲਣੀ ਸ਼ੁਰੂ ਹੋ ਗਈ ਹੈ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਕੇਂਦਰੀ ਏਜੰਸੀਆਂ ਨਾਲ ਰਲੇ ਸਿੱਖ ਪੰਥ ਦੇ ਗ਼ਦਾਰ ਤੇ ਦਿੱਲੀ ਦੀਆਂ ਪਾਰਟੀਆਂ ਇਸ ਹਨੇਰੀ ਵਿਚ ਉੱਡ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਕਾਸ, ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਰਬੱਤ ਦੇ ਭਲੇ ਦੇ ਫ਼ਲਸਫ਼ੇ ’ਤੇ ਚੱਲਦਾ ਹੈ, ਪਰ ਸਭ ਨੂੰ ਨਾਲ ਲੈ ਕੇ ਚੱਲਣ ਦਾ ਇਹ ਮਾਡਲ ਵੰਡ-ਪਾਊ ਤਾਕਤਾਂ ਨੂੰ ਪਸੰਦ ਨਹੀਂ ਆਉਂਦਾ ਅਤੇ ਇਸੇ ਕਾਰਨ ਉਨ੍ਹਾਂ ’ਤੇ ਦੋ ਵਾਰ ਹਮਲਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ’ਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਦੇ ਰਾਹ ਵਿੱਚ ਸਿਰਫ਼ ਅਕਾਲੀ ਦਲ ਹੀ ਅੜਿੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ’ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੇ ਇਸ ਤੋਂ ਮਾੜਾ ਮੁੱਖ ਮੰਤਰੀ ਨਹੀਂ ਵੇਖਿਆ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ, ਜਿੱਥੇ ਤਾਇਨਾਤੀਆਂ ਤੇ ਤਬਾਦਲੇ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ 2014 ਵਿੱਚ ‘ਆਪ’ ਦੇ ਪੰਜਾਬ ਆਉਣ ਮਗਰੋਂ ਸ਼ੁਰੂ ਹੋਈਆਂ, ਜਦਕਿ ਪਿਛਲੇ 10 ਸਾਲਾਂ ਵਿਚ ਇਕ ਵੀ ਅਕਾਲੀ ਆਗੂ ਜਾਂ ਵਰਕਰ ਬੇਅਦਬੀ ਕੇਸ ਵਿੱਚ ਦੋਸ਼ੀ ਨਹੀਂ ਪਾਇਆ ਗਿਆ। ਸਰਕਾਰਾਂ ਜਦੋਂ ਵੀ ਆਪਣੀਆਂ ਨਾਕਾਮੀਆਂ ’ਚ ਘਿਰਦੀਆਂ ਹਨ ਤਾਂ ਇਹ ਮੁੱਦਾ ਧਿਆਨ ਭਟਕਾਉਣ ਲਈ ਚੁੱਕ ਲਿਆ ਜਾਂਦਾ ਹੈ। ਉਨ੍ਹਾਂ ਸੂਬੇ ’ਚ ਬਿਜਲੀ ਸੰਕਟ ਦੇ ਲੰਬੇ ਕੱਟਾਂ ਕਾਰਨ ਕਿਸਾਨਾਂ, ਘਰੇਲੂ ਖ਼ਪਤਕਾਰਾਂ ਤੇ ਉਦਯੋਗਾਂ ਨੂੰ ਪੈ ਰਹੇ ਘਾਟੇ ਲਈ ਮੁੱਖ ਮੰਤਰੀ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਦਿਨ ਵੇਲੇ 10-10 ਘੰਟੇ ਬਿਜਲੀ ਦੇਣ ਦਾ ਦਾਅਵਾ ਝੂਠਾ ਹੈ। ਉਨ੍ਹਾਂ ਗੁਲਜ਼ਾਰ ਸਿੰਘ ਦੀ ਮੌਤ ਦੀ ਘਟਨਾ ਨੂੰ ਛੋਟੀ-ਮੋਟੀ ਘਟਨਾ ਕਰਾਰ ਦੇਣ ’ਤੇ ਵੀ ਮੁੱਖ ਮੰਤਰੀ ਦੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਬਲਜੀਤ ਸਿੰਘ ਭੁੱਟਾ, ਡਾ. ਦਲਜੀਤ ਸਿੰਘ ਚੀਮਾ, ਦਰਬਾਰਾ ਸਿੰਘ ਗੁਰੂ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਰਬਜੀਤ ਸਿੰਘ ਝਿੰਜਰ, ਸ਼ਰਨਜੀਤ ਸਿੰਘ ਚਨਾਰਥਲ, ਜਥੇਦਾਰ ਸੁਰਜੀਤ ਸਿੰਘ ਗੜ੍ਹੀ,ਤੇਜਿੰਦਰ ਸਿੰਘ ਮਿੱਡੂਖੇੜਾ, ਅਰਸ਼ਦੀਪ ਸਿੰਘ ਕਲੇਰ, ਅਵਤਾਰ ਸਿੰਘ ਰੀਆ, ਹਰਭਜਨ ਸਿੰਘ ਚਰਨਾਥਲ,ਹਰਵਿੰਦਰ ਸਿੰਘ ਬੱਬਲ,ਦਿਲਬਾਗ ਸਿੰਘ ਬਾਘਾ, ਬਰਿੰਦਰ ਬੱਬਲ, ਮਨਮੋਹਨ ਸਿੰਘ ਮੁਕਾਰੋਪੁਰ ਆਦਿ ਮੌਜੂਦ ਸਨ।