- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਸੀਈਆਰਟੀ ਪੰਜਾਬ ਵੱਲੋਂ ਕਰਵਾਏ ਰਾਜ ਪੱਧਰੀ ਰੋਲ ਪਲੇਅ, ਲੋਕ ਨਾਚ ਤੇ ਕੁਇਜ਼ ਮੁਕਾਬਲੇ ਸਮਾਪਤ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਐਸਸੀਈਆਰਟੀ ਪੰਜਾਬ ਦੀ ਅਗਵਾਈ ਹੇਠ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰਾਜੈਕਟ ਅਤੇ ਕਿਸ਼ੋਰ ਸਿੱਖਿਆ ਪ੍ਰਾਜੈਕਟ ਅਧੀਨ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ), ਫਤਹਿਗੜ੍ਹ ਸਾਹਿਬ ਵੱਲੋਂ ਰਾਜ ਪੱਧਰੀ ਰੋਲ ਪਲੇਅ, ਲੋਕ ਨਾਚ ਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੀ ਪ੍ਰਧਾਨਗੀ ਐਸਸੀਈਆਰਟੀ ਪੰਜਾਬ ਦੇ ਸਹਾਇਕ ਡਾਇਰੈਕਟਰ ਡਾ. ਬੂਟਾ ਸਿੰਘ ਸੇਖੋਂ, ਡਾ. ਆਨੰਦ ਗੁਪਤਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਨੇ ਕੀਤੀ। ਮੁਕਾਬਲਿਆਂ ਦੇ ਪਹਿਲੇ ਪੜਾਅ ’ਚ ਹੋਏ ਰੋਲ ਪਲੇਅ ਮੁਕਾਬਲੇ ਦੌਰਾਨ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ, ਜਿਸ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਨੇ ਪਹਿਲਾ, ਲੁਧਿਆਣਾ ਨੇ ਦੂਜਾ ਅਤੇ ਫਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਲੋਕ ਨਾਚ ਮੁਕਾਬਲੇ ’ਚ ਲੁਧਿਆਣਾ ਨੇ ਪਹਿਲਾ, ਰੋਪੜ ਨੇ ਦੂਜਾ ਅਤੇ ਫ਼ਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੁਇਜ਼ ਮੁਕਾਬਲੇ ’ਚ ਲੁਧਿਆਣਾ ਨੇ ਪਹਿਲਾ, ਤਰਨ ਤਾਰਨ ਅਤੇ ਫਤਹਿਗੜ੍ਹ ਸਾਹਿਬ ਨੇ ਸਾਂਝੇ ਤੌਰ ’ਤੇ ਦੂਜਾ ਅਤੇ ਪਠਾਨਕੋਟ ਨੇ ਤੀਜਾ ਸਥਾਨ ਹਾਸਲ ਕੀਤਾ। ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਡੀਈਓ ਰਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਪ੍ਰਤਿਭਾ ਨਿਖਾਰਨ ਲਈ ਵੱਡਾ ਮੰਚ ਪ੍ਰਦਾਨ ਕਰਦੇ ਹਨ। ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਸਿੱਖਿਆ ਵਿਭਾਗ ਮੁੱਖ ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਡਾ. ਕੰਵਲਦੀਪ ਸੋਹੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡਾ. ਆਨੰਦ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਰੋਹ ਦੌਰਾਨ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਪਵਨ ਰੇਖਾ, ਸਟੇਟ ਕੋਆਰਡੀਨੇਟਰ ਸੁਨੀਲ ਕੁਮਾਰ, ਗੁਰਪ੍ਰੀਤ ਕੌਰ, ਮੋਨਿਕਾ ਪ੍ਰਵੀਨ, ਰਮਨਦੀਪ ਕੌਰ, ਅੰਜੂ ਅਤੇ ਸੰਦੀਪ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ। ਮੁਕਾਬਲਿਆਂ ਦੌਰਾਨ ਨਾਟਕਕਾਰ ਡਾ. ਸੋਮਪਾਲ ਹੀਰਾ, ਡਾ. ਕੁਲਦੀਪ ਸਿੰਘ ਦੀਪ, ਰਾਬਿੰਦਰ ਰੱਬੀ, ਡਾ. ਇੰਦਰਜੀਤ ਕੌਰ ਗੋਲਡੀ, ਮਨਿੰਦਰ ਲਾਡੀ ਤੇ ਗੁਰਵਿੰਦਰ ਗਿੰਦੂ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਪ੍ਰਬੰਧਕੀ ਸਹਿਯੋਗ ਲਈ ਗੁਲਸ਼ਨ ਕੁਮਾਰ, ਅਵੀ ਛਾਬੜਾ, ਰਾਣਾ ਸਿੰਘ, ਹਰਵਿੰਦਰ ਸਿੰਘ, ਗੁਰਜੀਤ ਕੌਰ ਨੇ ਸੇਵਾਵਾਂ ਦਿੱਤੀਆਂ, ਜਦਕਿ ਮੰਚ ਸੰਚਾਲਨ ਅੰਮ੍ਰਿਤਪਾਲ ਸਿੰਘ, ਰੂਪਪ੍ਰੀਤ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਕੀਤਾ। ਡਾਇਟ ਸਟਾਫ਼ ਵੱਲੋਂ ਵੰਦਨਾ ਚੋਪੜਾ, ਜਸਪਾਲ ਕੌਰ, ਪਰਵਿੰਦਰ ਸਿੰਘ, ਹਰਜੀਤ ਸਿੰਘ, ਕੁਲਵੀਰ ਸਿੰਘ, ਨਰਿੰਦਰ ਕੌਰ, ਹਰਪ੍ਰੀਤ ਕੌਰ ਅਤੇ ਸੁਜਾਦ ਅਲੀ ਨੇ ਆਪਣੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ।