- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਪੀਐਚਡੀ ਖੋਜਾਰਥੀਆਂ ਲਈ ਸਵਾਗਤੀ ਸਮਾਗਮ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸੈਸ਼ਨ 2026-27 ’ਚ ਨਵੇਂ ਦਾਖ਼ਲ ਹੋਏ ਖੋਜਾਰਥੀਆਂ ਲਈ ਪੀਐਚਡੀ ਸਵਾਗਤੀ ਸਮਾਗਮ ਕਰਵਾਇਆ ਗਿਆ। ਇਸ ਸੈਸ਼ਨ ਦੌਰਾਨ ਪੀਐਚਡੀ ਪ੍ਰੋਗਰਾਮ ’ਚ ਕੁੱਲ 46 ਖੋਜਾਰਥੀਆਂ ਨੇ ਦਾਖ਼ਲਾ ਲਿਆ ਹੈ। ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ, ਡੀਨ ਰਿਸਰਚ ਪ੍ਰੋ. ਡਾ. ਨਵਦੀਪ ਕੌਰ ਅਤੇ ਰਜਿਸਟਰਾਰ ਪ੍ਰੋ. ਡਾ. ਤੇਜਬੀਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ, ਪੀਐਚਡੀ ਕੋਆਰਡੀਨੇਟਰ, ਅਧਿਆਪਕ ਅਤੇ ਨਵੇਂ ਖੋਜਾਰਥੀ ਹਾਜ਼ਰ ਸਨ। ਖੋਜਾਰਥੀਆਂ ਦਾ ਸਵਾਗਤ ਕਰਦਿਆਂ ਡੀਨ ਰਿਸਰਚ ਪ੍ਰੋ. ਡਾ. ਨਵਦੀਪ ਕੌਰ ਨੇ ਕਿਹਾ ਕਿ ਪੀਐਚਡੀ ਸਿਰਫ਼ ਇਕ ਅਕਾਦਮਿਕ ਯੋਗਤਾ ਨਹੀਂ, ਸਗੋਂ ਉਤਸੁਕਤਾ, ਖੋਜ, ਲਗਨ ਅਤੇ ਨਿਰੰਤਰ ਸਿੱਖਣ ਦਾ ਸਫ਼ਰ ਹੈ। ਉਨ੍ਹਾਂ ਖੋਜਾਰਥੀਆਂ ਨੂੰ ਸਾਰਥਕ ਖੋਜ ਸਮੱਸਿਆਵਾਂ ਦੀ ਪਛਾਣ ਕਰਨ, ਖੋਜ ’ਚ ਇਮਾਨਦਾਰੀ ਬਣਾਈ ਰੱਖਣ ਅਤੇ ਨਵੀਨਤਾਕਾਰੀ ਤੇ ਪ੍ਰਭਾਵਸ਼ਾਲੀ ਖੋਜ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਵਾਈਸ-ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਖੋਜਾਰਥੀਆਂ ਨੂੰ ਡਾਕਟਰੇਟ ਦੀ ਯਾਤਰਾ ਸ਼ੁਰੂ ਕਰਨ ’ਤੇ ਵਧਾਈ ਦਿੰਦਿਆਂ ਖੋਜ ’ਚ ਗਿਣਤੀ ਦੀ ਬਜਾਏ ਗੁਣਵੱਤਾ ਨੂੰ ਤਰਜੀਹ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਖੋਜਾਰਥੀਆਂ ਨੂੰ ਮੌਲਿਕ, ਗੰਭੀਰ ਅਤੇ ਸਮਾਜ ਲਈ ਸਾਰਥਕ ਖੋਜ ਕਰਨ ਦੇ ਨਾਲ-ਨਾਲ ਉੱਚ ਅਕਾਦਮਿਕ ਅਤੇ ਨੈਤਿਕ ਮਾਪਦੰਡਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ‘ਪੀਐਚਡੀ ਪ੍ਰਕਿਰਿਆ ਅਤੇ ਦਿਸ਼ਾ-ਨਿਰਦੇਸ਼’ ਵਿਸ਼ੇ ’ਤੇ ਵਿਸਥਾਰਪੂਰਵਕ ਪੇਸ਼ਕਾਰੀ ਕੰਪਿਊਟਰ ਸਾਇੰਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਅਤੇ ਸੀਨੀਅਰ ਖੋਜਾਰਥੀ ਜਸਕੀਰਤ ਕੌਰ ਵੱਲੋਂ ਪ੍ਰੋ. ਡਾ. ਨਵਦੀਪ ਕੌਰ ਦੀ ਅਗਵਾਈ ਹੇਠ ਦਿੱਤੀ ਗਈ। ਇਸ ਸੈਸ਼ਨ ਰਾਹੀਂ ਖੋਜਾਰਥੀਆਂ ਨੂੰ ਖੋਜ ਕਾਰਜ ਦੇ ਵੱਖ-ਵੱਖ ਪੜਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਗਿਆ। ਸਮਾਗਮ ਦੇ ਅੰਤ ’ਚ ਪ੍ਰੋ. ਡਾ. ਨਵਦੀਪ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।