ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਕੈਂਪਸ ’ਚ ਐਂਟੀ ਰੈਗਿੰਗ ਜਾਗਰੂਕਤਾ ਮੁਹਿੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਕੈਂਪਸ ’ਚ ਐਂਟੀ ਰੈਗਿੰਗ ਜਾਗਰੂਕਤਾ ਮੁਹਿੰਮ
Publish Date: Thu, 17 Sep 2026 07:56 PM (IST)
Updated Date: Fri, 18 Sep 2026 04:15 AM (IST)
ਫ਼ੋਟੋ ਫ਼ਾਈਲ : 7 ਫੋਟੋ ਕੈਪਸਨ : ਐਂਟੀ ਰੈਗਿੰਗ ਜਾਗਰੂਕਤਾ ਮੁਹਿੰਮ ਦੌਰਾਨ ਡਾ. ਕਿਰਨਦੀਪ ਕੌਰ, ਕਨਵੀਨਰ, ਐਂਟੀ ਰੈਗਿੰਗ ਸਕੁਐਡ, ਨਾਲ ਵਿਦਿਆਰਥੀ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਐਂਟੀ ਰੈਗਿੰਗ ਸਕੁਐਡ ਵੱਲੋਂ ਕੈਂਪਸ ’ਚ ਵਿਸ਼ੇਸ਼ ਐਂਟੀ ਰੈਗਿੰਗ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਮੁਹਿੰਮ ਐਂਟੀ ਰੈਗਿੰਗ ਸਕੁਐਡ ਦੀ ਕਨਵੀਨਰ ਡਾ. ਕਿਰਨਦੀਪ ਕੌਰ ਦੀ ਅਗਵਾਈ ਹੇਠ ਸਕੁਐਡ ਦੇ ਸਮੂਹ ਮੈਂਬਰਾਂ ਵੱਲੋਂ ਉਲੀਕੀ ਗਈ। ਇਸ ਦੌਰਾਨ ਸਕੁਐਡ ਮੈਂਬਰਾਂ ਨੇ ਵੱਖ-ਵੱਖ ਵਿਭਾਗਾਂ, ਕੈਂਟੀਨ, ਖੁੱਲ੍ਹੇ ਖੇਤਰਾਂ ਅਤੇ ਹੋਸਟਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਰੈਗਿੰਗ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਅਨੁਸ਼ਾਸਨ, ਆਪਸੀ ਸਤਿਕਾਰ ਅਤੇ ਸਹਿਯੋਗ ਦੀ ਭਾਵਨਾ ਨਾਲ ਰਹਿਣ ਲਈ ਪ੍ਰੇਰਿਤ ਕੀਤਾ। ਜਾਗਰੂਕਤਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੈਂਪਸ ਦੀਆਂ ਅਹਿਮ ਥਾਂਵਾਂ ’ਤੇ ਪੋਸਟਰ ਵੀ ਲਗਾਏ ਗਏ। ਵਿਦਿਆਰਥੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਤੁਰੰਤ ਅਧਿਕਾਰੀਆਂ ਨੂੰ ਦੇਣ ਲਈ ਕਿਹਾ ਗਿਆ। ਵਾਈਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸੁਰੱਖਿਅਤ ਅਤੇ ਸੁਖਾਵਾਂ ਮਾਹੌਲ ਦੇਣ ਲਈ ਵਚਨਬੱਧ ਹੈ। ਵਿੱਦਿਅਕ ਅਦਾਰਿਆਂ ’ਚ ਰੈਗਿੰਗ ਲਈ ਕੋਈ ਥਾਂ ਨਹੀਂ ਹੈ ਅਤੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਦੀ ਭਾਵਨਾ ਨਾਲ ਵਿਚਰਨਾ ਚਾਹੀਦਾ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਰੈਗਿੰਗ ਦੀ ਰੋਕਥਾਮ ਲਈ ਲਗਾਤਾਰ ਜਾਗਰੂਕਤਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕਿਹਾ। ਸਕੁਐਡ ਦੀ ਕਨਵੀਨਰ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਕੈਂਪਸ ਨੂੰ ਪੂਰੀ ਤਰ੍ਹਾਂ ਰੈਗਿੰਗ ਮੁਕਤ ਰੱਖਣਾ ਅਤੇ ਸਨੇਹ ਵਾਲਾ ਮਾਹੌਲ ਕਾਇਮ ਰੱਖਣਾ ਹੈ।