ਮਾਤਾ ਗੁਜਰੀ ਕਾਲਜ ਵਿਖੇ ਇੰਟਰਵਿਊ ਲਈ ਸੰਚਾਰ ਕੌਸ਼ਲ ’ਤੇ ਵਿਸ਼ੇਸ਼ ਵਰਕਸ਼ਾਪ
ਮਾਤਾ ਗੁਜਰੀ ਕਾਲਜ ਵਿਖੇ ਇੰਟਰਵਿਊ ਲਈ ਸੰਚਾਰ ਕੌਸ਼ਲ ’ਤੇ ਵਿਸ਼ੇਸ਼ ਵਰਕਸ਼ਾਪ
Publish Date: Wed, 18 Feb 2026 05:11 PM (IST)
Updated Date: Wed, 18 Feb 2026 05:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਤੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਨੇ ਇਨੋਵੇਸ਼ਨ ਸੈੱਲ ਦੇ ਸਹਿਯੋਗ ਨਾਲ ਪੋਸਟ ਗ੍ਰੈਜੂਏਟ ਤੇ ਗ੍ਰੈਜੂਏਟ ਆਖ਼ਰੀ ਸਾਲ ਦੇ ਵਿਦਿਆਰਥੀਆਂ ਲਈ ਇੰਟਰਵਿਊ ਲਈ ਸੰਚਾਰ ਕੌਸ਼ਲ ਵਿਸ਼ੇ ’ਤੇ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਸੈਸ਼ਨ ’ਚ ਆਈਡੀਪੀ ਐਜੂਕੇਸ਼ਨ ਲਿਮਿਟਡ, ਖੰਨਾ ਦੇ ਨੁਮਾਇੰਦਿਆਂ ਸਟ੍ਰੈਟੇਜਿਕ ਅਲਾਇੰਸ ਅੰਮ੍ਰਿਤਪਾਲ ਸਿੰਘ ਪਨੇਸਰ ਅਤੇ ਬ੍ਰਾਂਚ ਮੈਨੇਜਰ ਵਿਸ਼ਾਲ ਗੁਪਤਾ ਨੇ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੋਲਚਾਲ ਤੇ ਗੈਰ-ਮੌਖਿਕ ਸੰਚਾਰ, ਪੇਸ਼ਾਵਰ ਸ਼ਿਸ਼ਟਾਚਾਰ, ਬਾਡੀ ਲੈਂਗਵੇਜ, ਰਿਜ਼ਿਊਮੇ ਬਣਾਉਣ ਅਤੇ ਇੰਟਰਵਿਊ ਪ੍ਰਸ਼ਨਾਂ ਦੇ ਪ੍ਰਭਾਵਸ਼ਾਲੀ ਜਵਾਬਾਂ ਦੀਆਂ ਰਣਨੀਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੀਆਂ ਵਰਕਸ਼ਾਪਾਂ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਮੈਨੇਜਮੈਂਟ ਸਟੱਡੀਜ਼ ਵਿਭਾਗ ਦੀ ਮੁਖੀ ਡਾ. ਕਮਲਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਹੁਨਰ ਵਿਕਾਸ ਲਈ ਪ੍ਰੈਕਟੀਕਲ ਸਿਖਲਾਈ ਦੀ ਅਹਿਮ ਭੂਮਿਕਾ ’ਤੇ ਚਾਨਣਾ ਪਾਇਆ। ਪਲੇਸਮੈਂਟ ਅਫ਼ਸਰ ਡਾ. ਸੌਰਵ ਸ਼ਰਮਾ ਨੇ ਵਰਕਸ਼ਾਪ ਦੇ ਅਖੀਰ ਵਿਚ ਧੰਨਵਾਦ ਪ੍ਰਗਟ ਕਰਕੇ ਸੈਸ਼ਨ ਦੀ ਸਮਾਪਤੀ ਕੀਤੀ। ਇਸ ਮੌਕੇ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਫੈਕਲਟੀ ਮੈਂਬਰ ਡਾ. ਸ਼ਿਵਾਨੀ ਬੈਕਟਰ, ਡਾ. ਰਤਨੇਸ਼ਪਾਲ ਸਿੰਘ, ਡਾ. ਮਨਪ੍ਰੀਤ ਕੌਰ ਅਤੇ ਡਾ. ਨਿਤਿਕਾ ਵਰਮਾ ਵੀ ਮੌਜੂਦ ਸਨ।