- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ‘ਬਸਤੀਵਾਦੀ ਪੰਜਾਬ ਵਿਚ ਪੰਜਾਬੀ ਪ੍ਰਿੰਟ ਮੀਡੀਆ ਵਿਚ ਔਰਤਾਂ ਦੀ ਪੇਸ਼ਕਾਰੀ ਦੇ ਸੰਦਰਭ ਵਿਚ ਨੈਤਿਕਤਾ, ਕਦਰਾਂ-ਕੀਮਤਾਂ ਅਤੇ ਆਚਰਣ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਸਮਾਗਮ ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਦੀ ਸਰਪ੍ਰਸਤੀ ਅਤੇ ਡੀਨ ਅਕਾਦਮਿਕ ਮਾਮਲੇ ਤੇ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਦੀ ਰਹਿਨੁਮਾਈ ਹੇਠ ਹੋਇਆ। ਮੁੱਖ ਵਕਤਾ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਵਿਭਾਗ ਤੋਂ ਐਸੋਸੀਏਟ ਪ੍ਰੋਫੈਸਰ ਡਾ. ਪਰਨੀਤ ਕੌਰ ਢਿੱਲੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਬਸਤੀਵਾਦੀ ਦੌਰ ਦੇ ਪ੍ਰਿੰਟ ਮੀਡੀਆ, ਰਸਾਲਿਆਂ ਅਤੇ ਟ੍ਰੈਕਟਾਂ ਨੇ ਔਰਤਾਂ ਦੀ ਨੈਤਿਕਤਾ, ਸਿੱਖਿਆ ਅਤੇ ਘਰੇਲੂ ਭੂਮਿਕਾਵਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਸਮਾਜਿਕ ਸੁਧਾਰ ਲਹਿਰਾਂ ’ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਪੁਰਾਲੇਖ ਸਮੱਗਰੀ ਨੂੰ ਔਰਤਾਂ ਦੇ ਇਤਿਹਾਸ ਨੂੰ ਸਮਝਣ ਲਈ ਜ਼ਰੂਰੀ ਸਰੋਤ ਦੱਸਿਆ। ਪ੍ਰੋ. ਡਾ. ਪਰਿਤ ਪਾਲ ਸਿੰਘ ਅਤੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਅਜਿਹੇ ਅਕਾਦਮਿਕ ਪ੍ਰੋਗਰਾਮ ਵਿਦਿਆਰਥੀਆਂ ਅੰਦਰ ਇਤਿਹਾਸਕ ਚੇਤਨਾ ਅਤੇ ਖੋਜ ਪ੍ਰਤੀ ਰੁਚੀ ਪੈਦਾ ਕਰਦੇ ਹਨ। ਮੰਚ ਸੰਚਾਲਨ ਵਿਭਾਗ ਇੰਚਾਰਜ ਡਾ. ਜਸਪ੍ਰੀਤ ਕੌਰ ਨੇ ਕੀਤਾ ਅਤੇ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸਹਾਇਕ ਪ੍ਰੋਫੈਸਰ ਡਾ. ਅਮਨਦੀਪ ਕੌਰ ਨੇ ਨਿਭਾਈ। ਇਸ ਮੌਕੇ ਸਮੂਹ ਅਧਿਆਪਕ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਮੌਜੂਦ ਸਨ।