ਜਸਵੰਤ ਖਾਲੜਾ ਦੇ ਜੀਵਨ ਤੇ ਯੋਗਦਾਨ ’ਤੇ ਵਿਸ਼ੇਸ਼ ਭਾਸ਼ਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਯੋਗਦਾਨ ’ਤੇ ਵਿਸ਼ੇਸ਼ ਭਾਸ਼ਣ
Publish Date: Tue, 18 Aug 2026 06:15 PM (IST)
Updated Date: Tue, 18 Aug 2026 06:18 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਹਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਖੇ ਮਨੁੱਖੀ ਹੱਕਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਯੋਗਦਾਨ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵੱਲੋਂ ਕਰਵਾਏ ਸਮਾਗਮ ਵਿਚ ‘ਮਰਜੀਵੜਾ ਜਸਵੰਤ ਸਿੰਘ ਖਾਲੜਾ’ ਦੀ ਲੇਖਕ ਤੇ ਪ੍ਰਸਿੱਧ ਬਿਰਤਾਂਤਕਾਰ ਗੁਰਮੀਤ ਕੌਰ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦਾ ਸੰਘਰਸ਼ ਗੁਰਮਤਿ ਦੇ ਬਰਾਬਰੀ ਅਤੇ ਆਜ਼ਾਦੀ ਦੇ ਸਿਧਾਂਤਾਂ ਦੀ ਰਾਖੀ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਮੁੱਖ ਵਕਤਾ ਗੁਰਮੀਤ ਕੌਰ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਨਾ ਸਿਰਫ਼ ਸਿੱਖ ਨੌਜਵਾਨਾਂ ਦੇ ਹੱਕਾਂ ਦੀ ਰਾਖੀ ਲਈ ਉਪਰਾਲੇ ਕੀਤੇ, ਸਗੋਂ ਉਨ੍ਹਾਂ ਨੇ ਹਿੰਦੂ ਨੌਜਵਾਨਾਂ ਉੱਪਰ ਹੋਏ ਪੁਲਿਸ ਅੱਤਿਆਚਾਰ ਨੂੰ ਵੀ ਆਪਣੀ ਖੋਜ ਅਤੇ ਦਸਤਾਵੇਜ਼ੀਕਰਨ ਦਾ ਹਿੱਸਾ ਬਣਾਇਆ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਔਰਤਾਂ, ਦਲਿਤਾਂ ਅਤੇ ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਵੀ ਮੁੱਲਵਾਨ ਯੋਗਦਾਨ ਪਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਵੱਲੋਂ ਕੀਤੇ ਕਾਰਜ ਨਾਲ ਅਸਲ ਨਿਆਂ ਉਦੋਂ ਹੀ ਹੋਵੇਗਾ, ਜਦੋਂ ਦੋਸ਼ੀ ਵਿਅਕਤੀਆਂ ਨੂੰ ਬਣਦੀ ਸਜ਼ਾ ਤੇ ਮਜਲੂਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣਗੇ। ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਦੇ ਕਨਵੀਨਰ ਅਤੇ ਡੀਨ, ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼, ਡਾ. ਹਰਦੇਵ ਸਿੰਘ ਨੇ ਸਮਾਗਮ ਦੀ ਰੂਪ-ਰੇਖਾ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਅਸਲ ਸਰੋਕਾਰਾਂ ਨੂੰ ਅਕਾਦਮਿਕ ਜਗਤ ਵਿਚ ਵਿਚਾਰਨਾ ਬੇਹੱਦ ਜ਼ਰੂਰੀ ਹੈ। ਡੀਨ ਰਿਸਰਚ ਪ੍ਰੋ. (ਡਾ.) ਨਵਦੀਪ ਕੌਰ ਨੇ ਵਿਦਵਾਨ ਵਕਤਾ, ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੰਚ ਸਕੱਤਰ ਦੀ ਭੂਮਿਕਾ ਡਾ. ਪਲਵਿੰਦਰ ਕੌਰ, ਸਹਾਇਕ ਪ੍ਰੋਫੈਸਰ, ਧਰਮ ਅਧਿਐਨ ਵਿਭਾਗ ਨੇ ਨਿਭਾਈ। ਇਸ ਮੌਕੇ ਡਾ. ਖੁਸ਼ਹਾਲ ਸਿੰਘ (ਸਕੱਤਰ- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ); ਰਾਜਵਿੰਦਰ ਸਿੰਘ ਰਾਹੀ; ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਸਤਨਾਮ ਸਿੰਘ ਤੋਂ ਇਲਾਵਾ ਡਾਇਰੈਕਟਰ ਆਈਕਿਊਏਸੀ ਡਾ. ਅੰਕਦੀਪ ਕੌਰ ਅਟਵਾਲ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ, ਡਿਪਟੀ ਰਜਿਸਟਰਾਰ ਜਗਜੀਤ ਸਿੰਘ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਡਾ. ਰਮਨਦੀਪ ਕੌਰ, ਇੰਚਾਰਜ ਇਤਿਹਾਸ ਵਿਭਾਗ ਡਾ. ਜਸਪ੍ਰੀਤ ਕੌਰ, ਮੁਖੀ ਸਰੀਰਕ ਸਿੱਖਿਆ ਵਿਭਾਗ ਡਾ. ਵਰਿੰਦਰ ਸਿੰਘ ਭੁੱਲਰ ਅਤੇ ਲੋਕ ਸੰਪਰਕ ਅਫਸਰ ਜਸਪ੍ਰੀਤ ਕੌਰ ਮੌਜੂਦ ਸਨ।