- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ’ਚ ਧਿਆਨ ਸਾਧਨਾ ਦੇ ਗੁਰਮਤਿ ਸਿਧਾਂਤਾਂ ਬਾਰੇ ਵਿਸ਼ੇਸ਼ ਭਾਸ਼ਣ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਗੁਰਮਤਿ ਦੇ ਧਿਆਨ ਸਾਧਨਾ ਸਿਧਾਂਤਾਂ ਬਾਰੇ 11ਵਾਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਭਾਸ਼ਣ ਖੋਜਾਰਥੀਆਂ, ਵਿਦਵਾਨਾਂ ਅਤੇ ਗੁਰਮਤਿ ਸਾਧਕਾਂ ਲਈ ਲਾਹੇਵੰਦ ਸਾਬਤ ਹੋਵੇਗਾ। ਮੁੱਖ ਵਕਤਾ ਡਾ. ਦਲਜੀਤ ਸਿੰਘ, ਸਿੱਖ ਸੋਸਾਇਟੀ ਆਫ਼ ਕੈਲੀਫੋਰਨੀਆ ਨੇ ਹੋਰ ਧਿਆਨ ਸਾਧਨਾ ਪਰੰਪਰਾਵਾਂ ਨਾਲ ਤੁਲਨਾ ਕਰਦਿਆਂ ਗੁਰਮਤਿ ਦੀ ਧਿਆਨ ਸਾਧਨਾ ਦੀ ਵਿਲੱਖਣਤਾ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਪੱਛਮੀ ਸੰਸਾਰ ’ਚ ਧਿਆਨ ਸਾਧਨਾ ਦੇ ਨਾਂ ਹੇਠ ਵਧ ਰਹੀ ਵਪਾਰਕ ਬਿਰਤੀ ਧਰਮ ਲਈ ਚੁਣੌਤੀ ਹੈ। ਗੁਰਮਤਿ ਦੀ ਧਿਆਨ ਸਾਧਨਾ ਵਿਅਕਤੀਗਤ ਨਹੀਂ, ਸਗੋਂ ਸੰਗਤੀ ਹੈ, ਜਿਸ ’ਚ ਨੈਤਿਕਤਾ, ਕਿਰਤ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਵਿਸ਼ੇਸ਼ ਮਹੱਤਵ ਹੈ। ਵਿਸ਼ੇਸ਼ ਮਹਿਮਾਨ ਪ੍ਰੋ. ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਗੁਰਮਤਿ ਦੀ ਧਿਆਨ ਸਾਧਨਾ ਦਾ ਮੂਲ ਆਧਾਰ ਗੁਰਬਾਣੀ ਅਤੇ ਸਿਮਰਨ ਹਨ। ਡਾ. ਹਰਦੇਵ ਸਿੰਘ, ਡੀਨ, ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਨੇ ਦੱਸਿਆ ਕਿ ਹੁਣ ਤੱਕ ਕਰਵਾਏ ਗਏ ਭਾਸ਼ਣ ਵਿਭਾਗ ਦੇ ਯੂਟਿਊਬ ਚੈਨਲ ’ਤੇ ਵੀ ਉਪਲਬਧ ਹਨ। ਸਮਾਗਮ ’ਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।