ਸਰਹਿੰਦ 'ਚ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰ 'ਤੇ ਵੱਡਾ ਐਕਸ਼ਨ, 'ਜਿੰਦਲ ਮੈਡੀਕੋਜ਼' 'ਤੇ ਡਿੱਗੀ ਗਾਜ਼; ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ
ਸਰਹਿੰਦ ਸਥਿਤ ‘ਜਿੰਦਲ ਮੈਡੀਕੋਜ਼’ ਨਾਮਕ ਮੈਡੀਕਲ ਸਟੋਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਕਤ ਦੁਕਾਨ ਵੱਲੋਂ ਪ੍ਰੇਗਾ ਕੈਪਸੂਲ ਸਮੇਤ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਖੁੱਲ੍ਹੇਆਮ ਵੇਚਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।
Publish Date: Tue, 27 Oct 2026 03:07 PM (IST)
Updated Date: Tue, 27 Oct 2026 03:19 PM (IST)
ਦੀਪਕ ਸੂਦ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ - ਸਰਹਿੰਦ ਸਥਿਤ ‘ਜਿੰਦਲ ਮੈਡੀਕੋਜ਼’ ਨਾਮਕ ਮੈਡੀਕਲ ਸਟੋਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਕਤ ਦੁਕਾਨ ਵੱਲੋਂ ਪ੍ਰੇਗਾ ਕੈਪਸੂਲ ਸਮੇਤ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਖੁੱਲ੍ਹੇਆਮ ਵੇਚਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਦੁਕਾਨ ’ਤੇ ਡਾਕਟਰ ਦੀ ਪਰਚੀ ਤੋਂ ਬਿਨਾਂ ਹੀ ਨਸ਼ੀਲੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਡਰੱਗ ਇੰਸਪੈਕਟਰ ਨਵਦੀਪ ਅਤੇ ਡੀਐੱਸਪੀ ਫਤਹਿਗੜ੍ਹ ਸਾਹਿਬ ਕੁਲਬੀਰ ਸਿੰਘ ਮੌਕੇ ’ਤੇ ਪਹੁੰਚੇ। ਹਾਲਾਂਕਿ, ਜਾਂਚ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਦੁਕਾਨਦਾਰ ਆਪਣੀ ਦੁਕਾਨ ਬੰਦ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ।
ਪਹਿਲਾਂ ਵੀ ਵਾਇਰਲ ਹੋਈ ਸੀ ਵੀਡੀਓ ਮੀਡੀਆ ਨਾਲ ਗੱਲਬਾਤ ਕਰਦਿਆਂ ਡਰੱਗ ਇੰਸਪੈਕਟਰ ਨਵਦੀਪ ਨੇ ਦੱਸਿਆ ਕਿ ‘ਜਿੰਦਲ ਮੈਡੀਕੋਜ਼’ ਦੀ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਦੇ ਆਧਾਰ ’ਤੇ ਜਾਂਚ ਕਰਨ ਤੋਂ ਬਾਅਦ ਦੁਕਾਨਦਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕੁਝ ਗੰਭੀਰ ਕਮੀਆਂ ਸਾਹਮਣੇ ਆਈਆਂ ਹਨ ਅਤੇ ਵਿਭਾਗ ਵੱਲੋਂ ਜਲਦੀ ਹੀ ਇਸ ਮੈਡੀਕਲ ਸਟੋਰ ਦਾ ਲਾਇਸੈਂਸ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਡਰੱਗ ਇੰਸਪੈਕਟਰ ਨਵਦੀਪ ਨੇ ਅੱਗੇ ਦੱਸਿਆ ਕਿ ਸਥਾਨਕ ਕੈਮਿਸਟ ਐਸੋਸੀਏਸ਼ਨ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਮਰਜੈਂਸੀ ਮੀਟਿੰਗ ਬੁਲਾਈ ਅਤੇ ਦੁਕਾਨ ਬੰਦ ਕਰਵਾ ਦਿੱਤੀ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਢੰਗ ਨਾਲ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕਿਸੇ ਵੀ ਵਿਅਕਤੀ ਦਾ ਸਮਰਥਨ ਨਹੀਂ ਕੀਤਾ ਜਾਵੇਗਾ।
ਪੁਲਿਸ ਅਤੇ ਡਰੱਗ ਵਿਭਾਗ ਵੱਲੋਂ ਸਾਂਝੀ ਕਾਰਵਾਈ ਦੂਜੇ ਪਾਸੇ, ਡੀਐੱਸਪੀ ਕੁਲਬੀਰ ਸਿੰਘ ਅਨੁਸਾਰ, ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੁਲਿਸ ਹਰਕਤ ਵਿੱਚ ਆ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਟੀਮ ਅਤੇ ਡਰੱਗ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।