- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੱਲੋਂ ਪੰਜਾਬ ਯੂਨੀਵਰਸਿਟੀ ਦਾ ਵਿਦਿਅਕ ਦੌਰਾ ਕਰਵਾਇਆ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਜੀਵ ਵਿਗਿਆਨ ਅਤੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਐਮਐਸਸੀ ਜੀਵ ਵਿਗਿਆਨ ਅਤੇ ਬੀਟੈੱਕ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜੀਵ ਵਿਗਿਆਨ ਵਿਭਾਗ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਪ੍ਰਯੋਗਸ਼ਾਲਾ ਸਹੂਲਤਾਂ, ਹੁਨਰ-ਅਧਾਰਿਤ ਸਿਖਲਾਈ ਅਤੇ ਖੋਜ ਕਾਰਜਾਂ ਦਾ ਵਿਹਾਰਕ ਅਨੁਭਵ ਪ੍ਰਦਾਨ ਕਰਨਾ ਸੀ। ਜੀਵ ਵਿਗਿਆਨ ਵਿਭਾਗ ਦੀ ਮੁਖੀ ਡਾ. ਮੋਨਿਕਾ ਏਰੀ ਦੀ ਅਗਵਾਈ ਅਤੇ ਬਾਇਓਟੈਕਨਾਲੋਜੀ ਵਿਭਾਗ ਦੀ ਮੁਖੀ ਡਾ. ਰੁਪਿੰਦਰ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਉਪਕਰਨ ਪ੍ਰਯੋਗਸ਼ਾਲਾ, ਜਲ-ਜੀਵ ਪਾਲਣ, ਮਧੂ-ਮੱਖੀ ਪਾਲਣ ਦੀਆਂ ਹੁਨਰ ਵਿਕਾਸ ਪ੍ਰਯੋਗਸ਼ਾਲਾਵਾਂ ਅਤੇ ਜੀਵ ਵਿਗਿਆਨ ਅਜਾਇਬ ਘਰ ਦਾ ਨਿਰੀਖਣ ਕੀਤਾ। ਉਨ੍ਹਾਂ ਆਧੁਨਿਕ ਵਿਗਿਆਨਕ ਉਪਕਰਨਾਂ, ਪ੍ਰਯੋਗਸ਼ਾਲਾ ਤਕਨੀਕਾਂ, ਜਲ-ਜੀਵ ਤੇ ਮਧੂ-ਮੱਖੀ ਪਾਲਣ ਦੇ ਵਿਹਾਰਕ ਪੱਖਾਂ ਤੋਂ ਇਲਾਵਾ ਜੀਵ-ਵਿਭਿੰਨਤਾ, ਵਰਗੀਕਰਨ ਅਤੇ ਜੀਵ-ਵਿਗਿਆਨਕ ਸੰਗ੍ਰਹਿ ਦੀ ਮਹੱਤਤਾ ਬਾਰੇ ਜਾਣਕਾਰੀ ਹਾਸਲ ਕੀਤੀ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਇਸ ਸਾਂਝੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉੱਨਤ ਵਿਗਿਆਨਕ ਸਹੂਲਤਾਂ ਦਾ ਵਿਹਾਰਕ ਅਨੁਭਵ ਦੇਣਾ ਉਨ੍ਹਾਂ ਦੀਆਂ ਅਕਾਦਮਿਕ ਅਤੇ ਪੇਸ਼ੇਵਰ ਯੋਗਤਾਵਾਂ ਨੂੰ ਮਜ਼ਬੂਤ ਕਰਨ ’ਚ ਸਹਾਈ ਹੁੰਦਾ ਹੈ ਅਤੇ ਅਜਿਹੇ ਦੌਰੇ ਕਲਾਸਰੂਮ ਤੋਂ ਬਾਹਰ ਵਿਹਾਰਕ ਯੋਗਤਾਵਾਂ ਵਿਕਸਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।