ਫਿਰੌਤੀ ਨਾ ਦੇਣ ’ਤੇ ਸੁਨਿਆਰੇ ਦੇ ਘਰ ’ਤੇ ਕੀਤੀ ਫਾਇਰਿੰਗ ਫਿਰੌਤੀ ਨਾ ਦੇਣ ’ਤੇ ਸੁਨਿਆਰੇ ਦੇ ਘਰ ’ਤੇ ਕੀਤੀ ਫਾਇਰਿੰਗ
Publish Date: Tue, 17 Nov 2026 06:47 PM (IST)
Updated Date: Tue, 17 Nov 2026 06:48 PM (IST)
ਫ਼ੋਟੋ ਫ਼ਾਈਲ : 21 ਦਰਵਾਜ਼ੇ ’ਚ ਲੱਗੀ ਗੋਲੀ ਦਾ ਨਿਸ਼ਾਨ। ਗਰਗ, ਪੰਜਾਬੀ ਜਾਗਰਣ, ਅਮਲੋਹ : ਸਥਾਨਕ ਨਾਭਾ ਬੱਸ ਸਟੈਂਡ ਨਜ਼ਦੀਕ ਵਾਰਡ ਨੰਬਰ 10 ’ਚ ਬੀਤੀ ਰਾਤ ਇੱਕ ਸੁਨਿਆਰੇ ਦੇ ਘਰ ਉੱਪਰ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹਾ ਪੁਲਿਸ ਵੱਲੋਂ ਵੱਡੀ ਗਿਣਤੀ ’ਚ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ਹਿਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਭੀ ਜਿਊਲਰਜ਼ ਦੇ ਮਾਲਕ ਅਭਿਸ਼ੇਕ ਵਰਮਾ ਨੂੰ 20-25 ਦਿਨ ਪਹਿਲਾਂ ਵਿਦੇਸ਼ੀ ਨੰਬਰ ਤੋਂ ਕਥਿਤ ਤੌਰ ’ਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਕਾਲ ਆਈ ਸੀ। ਅਭਿਸ਼ੇਕ ਵੱਲੋਂ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਸੀ। ਫਿਰੌਤੀ ਦੀ ਰਕਮ ਬਾਅਦ ’ਚ ਘਟ ਕੇ 10 ਲੱਖ ਰੁਪਏ ਰਹਿ ਗਈ ਸੀ। ਫਿਰੌਤੀ ਦੀ ਕਾਲ ਤੋਂ ਬਾਅਦ ਅਭਿਸ਼ੇਕ ਵੱਲੋਂ ਅਸਲਾ ਲਾਇਸੈਂਸ ਬਣਾਉਣ ਲਈ ਵੀ ਪੁਲਿਸ ਕੋਲ ਪਹੁੰਚ ਕੀਤੀ ਗਈ ਸੀ। ਅਭਿਸ਼ੇਕ ਦੀ ਮਾਤਾ ਨੇ ਦੱਸਿਆ ਕਿ ਸੋਮਵਾਰ ਰਾਤ 10.15 ਵਜੇ ਦੇ ਕਰੀਬ ਘਰ ਦੇ ਬਾਹਰ ਪਟਾਕੇ ਚੱਲਣ ਵਰਗੀ ਆਵਾਜ਼ ਆਈ, ਜਿਸ ’ਤੇ ਉਨ੍ਹਾਂ ਸੋਚਿਆ ਕਿ ਸ਼ਾਇਦ ਕੋਈ ਬੱਚੇ ਪਟਾਕੇ ਚਲਾ ਰਹੇ ਹੋਣਗੇ। ਉਨ੍ਹਾਂ ਦੱਸਿਆ ਕਿ ਜਦੋਂ ਸਵੇਰੇ ਸੀਸੀਟੀਵੀ ਫੁਟੇਜ ਦੇਖੀ ਗਈ ਤਾਂ ਪਤਾ ਲੱਗਾ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਵਿਅਕਤੀਆਂ ਵੱਲੋਂ ਘਰ ਉੱਪਰ ਫਾਇਰਿੰਗ ਕੀਤੀ ਗਈ ਹੈ। ਇਸ ਦੌਰਾਨ ਇੱਕ ਗੋਲੀ ਘਰ ਦੇ ਮੁੱਖ ਦਰਵਾਜ਼ੇ ’ਚ ਵੀ ਲੱਗੀ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਪਰ ਪੁਲਿਸ ਅਧਿਕਾਰੀ ਫਿਲਹਾਲ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਪਾਸਾ ਵੱਟ ਰਹੇ ਹਨ।